ਭੁਲ ਗਏ ਬਾਜ਼ ਉਡਰੀਆਂ, ਅਬਲਕ ਭੁਲ ਗਏ ਤੋਰ।
ਤੂੰ ਕਲਗੀ ਵਾਲਿਆ ਭੇਜ ਦੇ, ਇੱਕ ਤੀਰਾਂ ਵਾਲਾ ਹੋਰ।
ਕਰਕੇ ਸ਼ਾਨ ਨਿਸ਼ਾਨ ਸੱਭ, ਅੱਜ ਲੀਰਾਂ ਲੀਰਾਂ।
ਵਿੱਚ ਥਲਾਂ ਦੇ ਤੜਫਦੇ, ਕੋਸਣ ਤਕਦੀਰਾਂ।
ਖੁਰੇ ਲੱਭਣ ਨਾ ਡਾਚੀਆਂ, ਤਪਤ ਘਾਮ ਪੁਰਜ਼ੋਰ।
ਤੂੰ ਕਲਗੀ ਵਾਲਿਆ……………
ਹੋ ਗਏ ਬਾਗ ਵੀਰਾਨ ਅੱਜ, ਸ਼ਾਖਾਂ ਸੱਭ ਖਾਲੀ।
ਕੋਇਲਾਂ ਕੂਕਣ ਪਿਆਸੀਆਂ, ਬਹਿ ਡਾਲੀ ਡਾਲੀ।
ਸੁੱਕੇ ਪੱਤਰ ਬਿਲਕਦੇ, ਆਣ ਖਿਜ਼ਾਂ ਨੂੰ ਮੋੜ।
ਤੂੰ ਕਲਗੀ ਵਾਲਿਆ……………
ਵਿੱਚ ਹਿਰਸਾਂ ਦੇ ਸਾਗਰਾਂ, ਅੱਜ ਡੁਬ ਗਈ ਬੇੜੀ।
ਵਗਣ ਹਵਾਵਾਂ ਸਾਜਿਸ਼ੀ, ਦੱਸਾਂ ਰੁੱਤ ਕੇਹੜੀ।
ਪੱਤਣ ਸੁੱਕ ਗਏ ਮਾਂਝੀਆ, ਮੇਘ ਰੁੱਸੇ ਘਣਘੋਰ।
ਤੂੰ ਕਲਗੀ ਵਾਲਿਆ……………
ਲੋਭੀਂ ਅਣਖਾਂ ਡੁੱਬੀਆਂ, ਖੁਸੀਆਂ ਸ਼ਮਸ਼ੀਰਾਂ।
ਮੀਰਾਂ ਲੁਟਿਆ ਕਾਫਲਾ, ਦੱਸਿਆ ਰਾਹਗੀਰਾਂ।
ਅੱਜ ਕੋਈ ਤੇਗ ਨ ਲਿਸ਼ਕਦੀ, ਨਾ ਅਸਵਾਰਾਂ ਜ਼ੋਰ।
ਤੂੰ ਕਲਗੀ ਵਾਲਿਆ……………
ਵੇਸ ਤੇਰੇ ਦੀ ਦਾਤਿਆ, ਪੱਤ ਰੁਲੀ ਚੁਰਾਹੇ ।
ਦਰਦੀ ਲੱਭਿਆ ਕੋਈ ਨਾ, ਦਰ ਸਾਰੇ ਗਾਹੇ।
ਬਿਨ ਤੇਰੀ ਧਰਵਾਸ ਦੇ, ਨਹੀਂ ਕੁਝ ਕਿਧਰੇ ਹੋਰ।
ਤੂੰ ਕਲਗੀ ਵਾਲਿਆ……………
ਲੱਭਦਾ ਪੈੜਾਂ ਤੇਰੀਆਂ, ਵਿੱਚ ਨੇਰੀਆਂ ਰਾਹਵਾਂ।
ਟਾਪ ਸੁਣੇ ਨ ਥਲਾਂ ਵਿੱਚ, ਕਿਸ ਪਾਸੇ ਜਾਵਾਂ।
ਨਾ ਹੀ ਦਾਮਨ ਤੈਂਡੜਾ, ਨ ਕਲਗੀ ਦੀ ਲਿਸ਼ਕੋਰ।
ਤੂੰ ਕਲਗੀ ਵਾਲਿਆ……………
— ਭਾਈ ਵਿਜੈਪਾਲ ਸਿੰਘ