Gurmukhi Poem: ਬਾਈ ਹਵਾਰੇ ਨੂੰ (Baae Haware Nu)

hawara-bheora

“ਬਾਈ ਹਵਾਰੇ ਨੂੰ”

ਉਹ ਭੁਲੇਖੇ ਵਿਚ ਨੇ ਬਾਈ,
ਜਿਹੜੇ ਸੋਚਦੇ ਨੇ ਕਿ
ਬੁੜੈਲ ਜ਼੍ਹੇਲ ਦੇ ਗੇਟ ‘ਤੇ ਕੰਬਲ ਤਾਣ ਕੇ,
ਤੈਨੂੰ ਸਾਥੋਂ ਲਕੋ ਲੈਣਗੇ।
ਉਹ ਨਹੀਂ ਜਾਣਦੇ,
ਤੂੰ ਤਾਂ ਸਾਡੇ ਦਿਲਾਂ ‘ਚ ਵਸਦੈਂ।
ਅਸਲ ਵਿਚ ਉਹ ਡਰਦੇ ਨੇ ਬਾਈ,
ਕਿ ਕਿਤੇ ਮੌਤ ਮੂਹਰੇ ਹਿੱਕਾਂ ਤਾਣ ਕੇ ਖੜ੍ਹੇ,
ਦਸ਼ਮੇਸ਼ ਦੇ ਦੁਲਾਰਿਆਂ ਦੀ ਮੁਸਕੁਰਾਹਟ,
ਦੁਨੀਆਂ ਮੂਹਰੇ ਨਾ ਆ ਜਾਵੇ।
ਕਿਉਕਿ,
ਉਹਨਾਂ ਨੇ ਤਾਂ,
ਸਜਾ ਮਿਲਣ ਵਾਲੇ ਮੁਜ਼ਰਮਾਂ ਨੂੰ ਰੋਂਦੇ ਹੀ ਵੇਖਿਐ,
ਤੇ ਤੁਸੀਂ ਜੈਕਾਰੇ ਛੱਡਦੇ,
ਉਹਨਾਂ ਤੋਂ ਜ਼ਰੇ ਨਹੀਂ ਜਾਂਦੇ।
ਤੁਹਾਨੂੰ ਫਾਂਸੀ ਦੀ ਸਜਾ ਸੁਣਾ ਕੇ ਵੀ,
ਅਦਾਲਤ ਨੂੰ ਆਪਣਾ ਆਪ ਹਾਰਦਾ ਦਿਸਦੈ,
ਤੇ ਤੁਸੀ ਜੇਤੂ ਲੱਗਦੇ ਓ।
ਸੁਣਿਐ ਬਾਈ,
ਉਹਨਾਂ ਨੇ ਬੁੜੈਲ ਦੀਆਂ ਕੰਧਾਂ,
ਸਟੀਲ ਦੀਆਂ ਬਣਾ ਦਿੱਤੀਆਂ ਨੇ।
ਹਾ ਹਾ ਹਾ ਹਾ,
ਉਹ ਹਾਰ ਰਹੇ ਨੇ ਬਾਈ,
ਤੇ ਤੁਸੀਂ ਜਿੱਤ ਰਹੇ ਓ।
ਉਹ ਸੋਚਦੇ ਨੇ,
ਸੂਰਜ ਨੂੰ ਕਤਲ ਕਰਕੇ,
ਹਨੇਰ ਫੈਲਾ ਦੇਣਗੇ,
ਪਰ ਸੂਰਜ ਦੀਆਂ ਕਿਰਨਾਂ ਤਾਂ,
ਪੂਰੇ ਪੰਜਾਬ ਵਿਚ ਫੈਲ ਚੁੱਕੀਆਂ ਨੇ।
ਸਚੁਮੱਚ ਬਾਈ,
ਹੁਣ ਤੈਨੂੰ ਸਿਖ ਗੱਭਰੂ,
ਅੱਤਵਾਦੀ ਨਹੀਂ ‘ਯੋਧਾ’ ਆਖਦੇ ਨੇ।
ਤੇਰੀ ਤੱਕਣੀ ਤੇ ਤੇਰੀ ਤੋਰ ਦੇ ਕਾਇਲ ਨੇ।
ਸੜਕਾਂ ਉੱਤੇ ਸੰਘਰਸ਼ ਕਰ ਰਹੇ ਲੋਕ,
ਨਾਹਰੇ ਮਾਰ ਰਹੇ ਨੇ,
‘ਜੇਕਰ ਜ਼ੁਲਮ ਨਾ ਥੰਮਣਗੇ,
ਘਰ ਘਰ ਹਵਾਰੇ ਜੰਮਣਗੇ’।
ਤੈਨੂੰ ਪਤੈ ਬਾਈ,
ਤੇਰੇ, ਚਿੱਟੀ ਕਮੀਜ਼ ਤੇ ਕੇਸਰੀ ਪਰਨਾ,
ਬਹੁਤ ਜਚਦੈ।
ਸਾਡੇ ਪਿੰਡ ਦੇ ਭਲਵਾਨਾਂ ਨੇ ਤੇਰੀ ਫੋਟੋ,
ਅਖਾੜੇ ਵਿਚ ਲਗਾਈ ਹੋਈ ਐ।
ਹੁਣ ਅਸੀਂ ਸਭ ਤੇਰੇ ਨਾਲ ਆਂ ਬਾਈ,
ਤੇ ਇਸ ਦਾ ਇਕ ਕਾਰਨ ਵੀ ਐ,
ਅਸੀਂ ਅੱਜ ਜਿਉਂਦੇ ਹੀ ਤੇਰੇ ਕਰਕੇ ਆਂ,
ਜੇ ਤੂੰ, ਬਾਈ ਦਿਲਾਵਰ ਨਾਲ ਰਲ ਕੇ,
ਮਿਥਿਹਾਸਕ ਨਹੀਂ ਇਤਿਹਾਸਕ ਨਾਇਕ ਬਣ ਕੇ,
ਓਸ ਰਾਕਸ਼ਸ਼ ਨੂੰ ਨਾ ਉਡਾਉਂਦੇ,
ਤਾਂ ਉਸ ਨੇ ਡੇਢ ਲੱਖ ਸਿੰਘਾਂ ਤੋਂ ਬਾਅਦ,
ਸਾਨੂੰ ਵੀ ਖਾ ਜਾਣਾ ਸੀ।
ਅਸੀਂ ਪੰਜਾਬ ਦੇ ਜਾਏ,
ਉਹਾਡੇ ਰਿਣੀ ਆਂ ਬਾਈ,
ਤੇ ਤਨੋਂ ਮਨੋਂ ਥੋਡੇ ਨਾਲ ਆਂ।
ਜੇ ਯਕੀਨ ਨਹੀਂ ਆਉਂਦਾ ਤਾਂ 
ਅੰਦਰੋਂ ਉੱਚੀ ਆਵਾਜ ਵਿਚ ਜੈਕਾਰਾ ਛੱਡ ਕੇ ਵੇਖ,
ਸਾਰਾ ਪੰਜਾਬ ਜਵਾਬ ਦਿਊਗਾ।
ਤੂੰ ਫਿਕਰ ਨਾ ਕਰੀਂ ਬਾਈ,
ਮਾਤਾ ਦੇ ਹੰਝੂ ਅਸੀ ਪੂਝਾਂਗੇ,
ਹੁਣ ਉਹ ਇਕੱਲੇ ‘ਜਗਤਾਰ’ ਦੀ ਨਹੀਂ,
ਸਾਡੀ ਸਭ ਦੀ ਮਾਂ ਐ।
ਤੇ ‘ਜਗਤਾਰ’ ਵੀ ਇਕੱਲੇ ‘ਹਵਾਰੇ’ ਪਿੰਡ ਦਾ ਨਹੀਂ,
ਪੂਰੇ ਪੰਜਾਬ ਦਾ ਪੁੱਤਰ ਐ।
ਸਾਨੂੰ ਤੇਰੇ ਨਾਲ ਭਰਾਵਾਂ ਵਾਲਾ ਪਿਆਰ ਆ ਬਾਈ,
ਇਸੇ ਲਈ ਅੱਜ ਅਸੀਂ,
ਬੇਖੌਫ, ਨਾਹਰੇ ਮਾਰਾਂਗੇ,
‘ਜਗਤਾਰ ਸਿੰਘ’ ਜਿੰਦਾਬਾਦ,
‘ਬੱਬਰ ਹਵਾਰਾ’ ਜਿੰਦਾਬਾਦ,
ਜਿੰਦਾਬਾਦ, ਜਿੰਦਾਬਾਦ!

2 COMMENTS

Leave a Reply to .SHAMSHER SINGH Cancel reply

Please enter your comment!
Please enter your name here