ਦਸਮੇਸ਼ ਅਕੈਡਮੀ ਚਾਰਟਰ ਸਕੂਲ ਬਾਰੇ ਮੀਟਿੰਗ ਅਪਰੈਲ ੨੦ ਨੂੰ।

Press Release:

ਆਪ ਜੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਵੇਗੀ ਕਿ ਸਿੱਖ ਭਾਈਚਾਰੇ ਦੇ ਕੁਝ ਕੁ ਸੇਵਾਦਾਰਾਂ ਦੇ ਉਦਮ ਸਦਕਾ ਛੇਤੀ ਹੀ
ਫਰੀਮਾਂਟ ਦੇ ਏਰੀਏ ਵਿਚ ਚਾਰਟਰ ਸਕੂਲ ਦੇ ਖੁੱਲਣ ਦੀ ਸੰਭਾਵਨਾ ਹੈ।ਚਾਰਟਰ ਸਕੂਲ ਗੈਰ ਮੁਨਾਫਾ ਸੰਸਥਾਵਾਂ ਵਲੋਂ
ਚਲਾਏ ਜਾਂਦੇ ਹਨ ਜਿਹਨਾਂ ਨੂੰ ਬੱਚਿਆਂ ਨੂੰ ਪੜਾਉਣ ਦੀ ਜੁੰਮੇਵਾਰੀ ਸਥਾਨਕ ਸਕੂਲ ਬੋਰਡਾਂ ਜਾਂ ਕਾਉਂਟੀ ਬੋਰਡਾਂ ਵਲੋਂ
ਦਿਤੀ ਜਾਂਦੀ ਹੈ।ਇਨਾਂ ਸਕੂਲਾਂ ਦਾ ਸਲੇਬਸ ਅਤੇ ਪੜਾਈ ਪਬਲਿਕ ਸਕੂਲਾਂ ਵਰਗੀ ਹੁੰਦੀ ਹੈ।ਪਰ ਖੁਦ ਮੁਖਤਿਆਰ
ਪ੍ਰਬੰਧ ਹੋਣ ਕਰਕੇ ਸਕੂਲ ਸਟਾਫ ਨੂੰ ਲੋੜ ਅਨੁਸਾਰ ਫੈਸਲੇ ਕਰਨ ਦੀ ਖੁੱਲ ਹੁੰਦੀ ਹੈ।ਕਈ ਚਾਰਟਰ ਸਕੂਲ ਫਰੀਮਾਂਟ,
ਹੇਵਰਡ, ਓਕਲੈਂਡ ਅਤੇ ਸੈਨਹੋਜੇ ਵਿਚ ਖੁੱਲ ਚੁਕੇ ਹਨ।ਅਫਗਾਨੀ ਭਾਈਚਾਰੇ ਵਲੋਂ ਫਰੀਮਾਂਟ ਅਤੇ ਸੈਨਲੋਰੈਂਜੋ ਵਿਚ
ਸਕੂਲ ਸਫਲਤਾ ਨਾਲ ਚਲਾਏ ਜਾ ਰਹੇ ਹਨ।ਇਨਾਂ ਸਕੂਲਾਂ ਦੀ ਕੋਈ ਫੀਸ ਨਹੀਂ ਹੁੰਦੀ ਅਤੇ ਪੜਾਏ ਜਾਣ ਵਾਲੇ ਸਲੇਬਸ
ਵਿਚ ਦੂਸਰੇ ਸਕੂਲਾਂ ਨਾਲੋਂ ਵੱਡਾ ਫਰਕ ਨਹੀਂ ਹੁੰਦਾ।ਇਨਾਂ ਨੂੰ ਕਈ ਕਾਨੂੰਨਾਂ ਤਂੋ ਛੋਟ ਵੀ ਹੋ ਸਕਦੀ ਹੈ।
ਦਸਮੇਸ਼ ਅਕੈਡਮੀ ਚਾਰਟਰ ਸਕੂਲ ਦਾ ਉਦੇਸ਼
ਇਸ ਸਕੂਲ ਦਾ ਮੁੱਖ ਮੰਤਵ ਬੱਚਿਆਂ ਨੂੰ ਬਿਨਾਂ ਫੀਸ ਤੋਂ ਇੱਕੀਵੀਂ ਸਦੀ ਵਿਚ ਲੋੜੀਂਦੀ ਸਿੱਖਿਆ ਦੇਣ ਦੇ ਨਾਲ ਨਾਲ
ਬੱਚਿਆਂ ਦੇ ਬਹੁ ਪੱਖੀ ਵਿਕਾਸ ਵਲ ਧਿਆਨ ਦੇਣਾ ਹੈ।ਇਸ ਵਿਚ ਮਾਪਿਆਂ ਦੀ ਸ਼ਮੂਲੀਅਤ ਬਹੁਤ ਜਰੂਰੀ ਰੱਖੀ ਗਈ
ਹੈ।ਅਜੇਹਾ ਇਕ ਚਾਰਟਰ ਸਕੂਲ ਵੈਸਟ ਸੈਕਰਾਮੈਂਟੋ ਵਿਚ ਸਿੱਖ ਭਾਈਚਾਰੇ ਵਲੋਂ ਚਲਾਇਆ ਜਾ ਰਿਹਾ ਹੈ।ਕਾਫੀ ਸਮੇਂ
ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਆਪਣੇ ਭਾਈਚਾਰੇ ਵਿਚ ਕੋਈ ਇਸ ਪ੍ਰਕਾਰ ਦੀ ਸੁਵਿਧਾ ਨਹੀਂ ਜਿਥੇ ਸਾਡੇ
ਬੱਚੇ ਇਕ ਸੁਹਾਵਣੇ ਮਾਹੌਲ ਵਿਚ ਵਧੀਆ ਪੜਾਈ ਹਾਸਲ ਕਰ ਸਕਣ ਅਤੇ ਜਿਥੇ ਮਾਪਿਆਂ ਨੂੰ ਬੋਲੀ ਦੀ ਕੋਈ ਮੁਸ਼ਕਲ
ਨਾ ਆਵੇ।ਅਜੇਹੀ ਜਗਾ ਜਿਥੇ ਪੜਾਈ ਵਿਚ ਪਿਛੜੇ ਬੱਚਿਆਂ ਲਈ ਸਮੇਂ ਸਿਰ ਕੋਈ ਢੁਕਦਾ ਹੱਲ ਲਭਿਆ ਜਾ ਸਕੇ
ਜਿਵੇਂ ਕਿ ਸਕੂਲ ਤੋਂ ਬਾਦ ਟਿਊਟਰਿੰਗ ਆਦਿ ਦਾ ਪ੍ਰਬੰਧ ਹੋ ਸਕੇ।ਦਸਮੇਸ਼ ਅਕੈਡਮੀ ਚਾਰਟਰ ਸਕੂਲ ਵਿਚ ਮਾਪਿਆਂ ਨੂੰ
ਬੱਚਿਆਂ ਦੀ ਪੜਾਈ ਬਾਰੇ ਲਗਾਤਾਰ ਰੀਪੋਰਟ ਮਿਲਦੀ ਰਿਹਾ ਕਰੇਗੀ।ਸ਼ੁਰੂ ਵਿਚ ਇਹ ਸਕੂਲ ਕਿੰਡਰਗਾਰਟਨ ਤੋਂ ਲੈ ਕੇ
ਪੰਜਵੀਂ ਜਮਾਤ ਤੀਕ ਹੋਵੇਗਾ।ਜੇਕਰ ਤੁਹਾਡੇ ਬੱਚੇ ਦੀ ਉਮਰ ੪ ਸਾਲ ਤੋਂ ਲੈ ਕੇ ੯ ਸਾਲ ਹੈ ਤਾਂ ਸਾਡੇ ਨਾਲ ਜਲਦੀ
ਸੰਪਰਕ ਕਰੋ।
ਇਸ ਸਕੂਲ ਵਿਚ ਕੋਈ ਵੀ ਬੱਚਾ ਦਾਖਲ ਹੋ ਸਕਦਾ ਹੈ।ਇਸ ਸਕੂਲ ਦੇ ਘੰਟੇ ਦੂਸਰੇ ਸਕੂਲਾਂ ਨਾਲੋਂ ਵੱਧ ਹੋਣਗੇ ਅਤੇ
ਵਧੀਆ ਡਿਸਿਪਲਨ ਹੋਵੇਗਾ।ਇਸ ਸਕੂਲ ਦੇ ਮਜਮੂਨ ਦੂਸਰੇ ਸਕੂਲਾਂ ਵਾਲੇ ਹੀ ਹੋਣਗੇ।ਇਸ ਵਿਚ ਵਧੀਆ ਅਧਿਆਪਕ
ਹੋਣਗੇ ਜੋ ਹਰੇਕ ਬੱਚੇ ਦੀਆਂ ਲੋੜਾਂ ਵਲ ਧਿਆਨ ਦੇ ਸਕਣਗੇ।ਇਸ ਸਕੂਲ ਵਿਚ ਬੱਚਿਆਂ ਦੀ ਪੜਾਈ ਵਿਚ ਮਾਪਿਆਂ
ਦੀ ਅਵਾਜ ਨੂੰ ਜਿਆਦਾ ਮਹੱਤਤਾ ਦਿਤੀ ਜਾਂਦੀ ਹੈ।ਇਹ ਸਕੂਲ ਦੂਸਰੇ ਸਕੂਲਾਂ ਵਾਂਗ ਬੱਚਿਆਂ ਦੀ ਪੜਾਈ, ਸਿਹਤ ਅਤੇ
ਸੁਰੱਖਿਆ ਲਈ ਪੂਰੀ ਤਰਾਂ ਜੁੰਮੇਵਾਰ ਹੋਵੇਗਾ।ਆਸ ਹੈ ਕਿ ਇਹ ਸਕੂਲ ਸਾਲ ੨੦੧੪ ਦੇ ਅਗਸਤ ਮਹੀਨੇ ਵਿਚ ਸ਼ੁਰੂ
ਹੋਵੇਗਾ।ਇਸ ਸਕੂਲ ਬਾਰੇ ਭਾਈਚਾਰੇ ਨੂੰ ਸੂਚਿਤ ਕਰਨ ਅਤੇ ਉਨਾਂ ਦੇ ਸੁਝਾ ਲੈਣ ਲਈ ੨੦ ਅਪਰੈਲ ਸ਼ਨੀਵਾਰ ਨੂੰ ੩ ਤੋਂ
੫ ਵਜੇ ਤੀਕ ਰਾਜਾ ਸਵੀਟਸ, ੩੧੮੫੩ ਐਲਵਰਾਡੋ ਬੁਲੇਵਾਰਡ, ਯੂਨੀਅਨ ਸਿਟੀ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ ਜਿਸ
ਵਿਚ ਮਿਆਰੀ ਪੜਾਈ ਵਿਚ ਦਿਲਚਸਪੀ ਰੱਖਣ ਵਾਲੇ ਸਾਰੇ ਮਾਪਿਆਂ ਨੂੰ ਖਾਸ ਕਰਕੇ ਸੱਦਾ ਦਿਤਾ ਜਾਂਦਾ ਹੈ।ਹੋਰ
ਜਾਣਕਾਰੀ ਲਈ ਹੇਠ ਲਿਖੇ ਫੋਨਾਂ ਤੇ ਸੰਪਰਕ ਕਰੋ ਜੀ ਧਨਵਾਦੀ ਹੋਵਾਂਗੇ।
੪੦੮-੬੬੭-੩੧੧੬ ਜਾਂ ੫੧੦-੮੨੮-੮੩੫੨

LEAVE A REPLY

Please enter your comment!
Please enter your name here