Click here to read this letter translated in English.
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥
ਮਿਤੀ 8 ਅਪ੍ਰੈਲ ਨੂੰ ਪਟਿਆਲੇ ਜੇਲ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਸਬੰਧ ਵਿੱਚ ਜਾਰੀ ਕੀਤੇ ਗਏ ਪੱਤਰ ਜਿਸ ਵਿੱਚ ਭਾਈ ਹਵਾਰਾ ਨੂੰ ਸਿੱਖ ਸੰਘਰਸ਼ ਦੇ ਸਬੰਧ ਵਿੱਚ ਦੋਹਰੀ ਮਾਨਸਿਕਤਾ ਅਤੇ ਦੋਹਰੇ ਕਿਰਦਾਰ ਦਾ ਮਾਲਿਕ ਗਰਦਾਨਿਆ ਗਿਆ ਹੈ।ਅਤੇ ਭਾਈ ਹਵਾਰੇ ਨੂੰ ਕਾਂਗਰਸ ਜਮਾਤ ਦਾ ਹਮਾਇਤੀ ਵੀ ਦੱਸਿਆ ਗਿਆ ਹੈ। ਇੱਕ ਥਾਂ ‘ਤੇ ਭਾਈ ਹਵਾਰਾ ਉੱਤੇ ਬੇਅੰਤ ਕੇਸ ਵਿੱਚ ਅਦਾਲਤ ਅੱਗੇ ਆਪਣੇ ਜਾਨ ਦੀ ਭੀਖ ਮੰਗਣਾ ਵੀ ਦੱਸਿਆ ਗਿਆ ਹੈ। ਭਾਈ ਰੇਸ਼ਮ ਸਿੰਘ ਜਰਮਨੀ ਬਾਰੇ ਭਾਈ ਰਾਜੋਆਣਾ ਵਲੋਂ ਵਰਤੀ ਗਈ ਘਟੀਆ ਸ਼ਬਦਾਵਲੀ ਦਾ ਵਿਰੋਧ ਕਰਨ ‘ਤੇ ਭਾਈ ਹਵਾਰਾ ਦੀ ਅਲੋਚਨਾ ਵੀ ਕੀਤੀ ਗਈ ਹੈ।
ਭਾਈ ਹਵਾਰਾ ਖਿਲਾਫ ਉਪ੍ਰੋਕਤ ਲਾਏ ਇਲਜਾਮਾਂ ਦੀ ਮੈਂ ਅਤਿ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਅਤੇ ਅੱਗੇ ਤੋਂ ਭਾਈ ਬਲਵੰਤ ਸਿੰਘ ਨੂੰ ਸਲਾਹ ਦਿੰਦਾ ਹਾਂ ਕਿ ਕਿਸੇ ਵੀ ਤਰਾਂ ਦੀ ਅਲੋਚਨਾ ਤਮੀਜ਼ ਦੇ ਦਾਇਰੇ ਵਿੱਚ ਰਹਿ ਕਿ ਹੀ ਕਰਨੀ ਚਾਹੀਦੀ ਹੈ। ਉਹ ਵੀ ਤਾਂ ਜਦੋ ਕਿਸੇ ਬਾਰੇ ਤੱਥਾਂ ‘ਤੇ ਅਧਾਰਿਤ ਕੋਈ ਠੋਸ ਸਬੂਤ ਹੋਵੇ।
ਅੱਜ ਮੈਂ ਸਪਸ਼ਟ ਕਰਾਂ ਕਿ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੋ ਬੇਅੰਤ ਨੂੰ ਕਤਲ ਕਰਨ ਦੇ ਇਕਬਾਲੀਆ ਬਿਆਨ ਜਿਹੜੇ 1997 ਅਤੇ 1998 ਦੌਰਾਨ ਦਿੱਤੇ ਗਏ ਸਨ ਉਸ ਨਾਲ ਮੈਂ ਅਤੇ ਭਾਈ ਹਵਾਰਾ ਸਹਿਮਤ ਨਹੀਂ ਸੀ ਕਿਉਂਕਿ ਬੇਅੰਤ ਕੇਸ ਵਿੱਚ ਕੁਝ ਕੁ ਸਿੰਘਾਂ ਨੂੰ ਛੋਟੇ ਮੋਟੇ ਕਾਰਨਾਂ ਕਰਕੇ ਹੀ ਸੀ.ਬੀ.ਆਈ. ਨੇ ਜੋੜਿਆ ਸੀ। ਅਦਾਲਤੀ ਕਬੂਲਨਾਮਾ ਉਹਨਾਂ ਲਈ ਖਤਰਾ ਸਹੇੜਨ ਵਾਲੀ ਗੱਲ ਸੀ। ਭਾਈ ਹਵਾਰਾ ਸਣੇ ਸਾਡੇ ਸਾਰਿਆਂ ਸੰਘਰਸ਼ੀਲ ਸਿੰਘਾਂ ਦੀ ਸਲਾਹ ਸੀ ਕਿ ਜੇ ਸਾਨੂੰ ਨਿਚਲੀ ਅਦਾਲਤ ਤੋਂ ਕੋਈ ਵੱਡੀ ਫਾਂਸੀ ਵਰਗੀ ਸਜਾ ਹੋ ਜਾਂਦੀ ਹੈ ਤਾਂ ਉਪਰਲੀ ਅਦਾਲਤ ਤੱਕ ਅਸੀਂ ਕੇਸ ਲੜਾਂਗੇ ਪਰ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਕਦੇ ਵੀ ਨਹੀਂ ਕਰਾਂਗੇ।
ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਕੀਤਾ ਗਿਆ ਇਕਬਾਲ ਭਾਈ ਜਗਤਾਰ ਸਿੰਘ ਤਾਰਾ ਡੇਕਵਾਲ ਵਲੋਂ ਕੀਤੇ ਇਕਬਾਲਨਾਮੇ ਤੋਂ ਅਲੱਗ ਸੀ। ਭਾਈ ਤਾਰੇ ਨੇ ਭਰੀ ਅਦਾਲਤ ਵਿੱਚ ਕਿਹਾ ਸੀ ਕਿ ਬੇਅੰਤ ਸਿੰਘ ਨੂੰ ਖਤਮ ਕਰਨ ਦੀ ਸਾਜਿਸ਼ ਸਿਰਮੌਰ ਖਾੜਕੂ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਵਲੋਂ ਮੈਂ ਕਬੂਲ ਕਰਦਾ ਹਾਂ। ਇਸ ਕਾਰਜ ਵਿੱਚ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੇ ਆਪਣੇ ਆਪ ਨੂੰ ਮਨੁੱਖੀ ਬੰਬ ਬਣਨ ਲਈ ਪੇਸ਼ ਕੀਤਾ ਸੀ। ਇਸ ਕਾਰਜ ਵਿੱਚ ਵਰਤਿਆ ਬੰਬ ਬੱਬਰਾ ਨੇ ਹੀ ਤਿਆਰ ਕੀਤਾ ਸੀ ਅਤੇ ਹੋਰ ਵੀ ਸਾਰੇ ਸਾਧਨ ਬੱਬਰਾਂ ਨੇ ਹੀ ਮੁਹਈਆ ਕਰਵਾਏ ਸਨ ਅਤੇ ਇਹ ਇਕ ਟੀਮਵਰਕ ਸੀ। ਭਾਈ ਤਾਰੇ ਦੇ ਕਬੂਲਨਾਮੇ ਨਾਲ ਮਿਲਦਾ ਜੁਲਦਾ ਕੇਸ ਸੀ ਇਹ ਸੀ.ਬੀ.ਆਈ. ਨੇ ਪੇਸ਼ ਕੀਤਾ ਸੀ। ਅਦਾਲਤ ਨੇ ਤਾਂ ਭਾਵੇਂ ਦੋਵਾਂ ਸਿੰਘਾ ਦੇ ਇਕਬਾਲੀਆ ਬਿਆਨ ਦਰਜ ਕਰ ਲਏ ਸਨ ਪਰ ਸੀ.ਬੀ.ਆਈ. ਨੇ ਅਦਾਲਤ ਵਿਚੋਂ ਹੋਰਨਾ ਸਿੰਘਾਂ ਦੀ ਸ਼ਮੂਲੀਅਤ ਸਿੱਧ ਕਰਨ ਲਈ ਹੀ ਲੱਗ-ਭੱਗ 12 ਸਾਲ ਦਾ ਲੰਬਾ ਸਮਾਂ ਲਾਇਆ ਹੈ। ਇਹ ਸੰਖੇਪ ਜਾਣਕਾਰੀ ਤੋਂ ਬਾਦ ਮੈਂ ਗੁਰੂ ਪੰਥ ਅੱਗੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਭਾਈ ਹਵਾਰਾ ਖਿਲਾਫ ਲਾਏ ਗਲਤ ਇਲਜਾਮਾਂ ਦੇ ਸਬੰਧ ਵਿੱਚ ਸਪਸ਼ਟੀਕਰਨ ਦੇਣਾ ਚਾਹਾਂਗਾ ਕਿਉਂਕਿ ਗੁਰੂ ਪੰਥ ਸਾਡਾ ਮਾਈ-ਬਾਪ ਹੈ।
ਇਸ ਸਬੰਧੀ ਮੈਂ ਕੁਝ ਕੁ ਨੁਕਤੇ ਸਿੱਖ ਸੰਗਤਾਂ ਨਾਲ ਸਾਂਝੇ ਕਰਨਾ ਚਾਹਾਂਗਾ। ਭਾਈ ਹਵਾਰੇ ਉੱਤੇ ਲਾਏ ਇਲਜਾਮਾਂ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਅਤੇ ਹਵਾਰੇ ਨੇ ਕਦੇ ਵੀ ਆਪਣੇ ਆਪ ਨੂੰ ਮਨੁੱਖੀ ਬੰਬਾਂ ਦਾ ਸਿਰਜਕ ਨਹੀਂ ਕਿਹਾ। ਅਦਾਲਤ ਵਿੱਚ ਕੇਸ ਲੜਨਾ ਕੋਈ ਜਾਨ ਦੀ ਭੀਖ ਮੰਗਣੀ ਨਹੀਂ ਹੁੰਦੀ। 1978 ਤੋਂ ਅੱਜ ਤੱਕ ਸਿਰਫ 1 ਜਾਂ 2 ਅਦਾਲਤੀ ਕਬੂਲਨਾਮੇ ਤੋਂ ਬਿਨਾ ਹਜਾਰਾਂ ਸਿੰਘਾਂ ਨੇ ਅਦਾਲਤਾਂ ਵਿੱਚ ਆਪਣੇ ਕੇਸ ਲੜੇ ਹਨ।
ਕੌਣ ਨਹੀਂ ਜਾਣਦਾ ਕਿ ਸਿੱਖ ਦੋਖੀ ਲਾਲਾ ਜਗਤ ਨਰੈਣ ਨੂੰ ਖਤਮ ਕਰਨ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿੱਧਾ ਹੱਥ ਸੀ। ਭਾਈ ਨਛੱਤਰ ਸਿੰਘ ਰੋਡੇ ਅਤੇ ਭਾਈ ਸਵਰਨ ਸਿੰਘ ਨੇ ਸੰਤਾਂ ਤੋਂ ਹੀ ਪ੍ਰੇਰਨਾ ਲੈ ਕੇ ਇਸ ਐਕਸ਼ਨ ਨੂੰ ਸਿਰੇ ਚਾੜਿਆ।ਪਰ ਕਦੇ ਵੀ ਸੰਤ ਭਿੰਡਰਾਂਵਾਲੇ ਨੇ ਕਿਸੇ ਵੀ ਇੰਟਰਵਿਊ ਵਿੱਚ ਇਸ ਨੂੰ ਕਬੂਲ ਨਹੀਂ ਕਰਿਆ ਹਾਲਾਂਕਿ ਸਿੱਖ ਸੰਗਤਾਂ ਨੂੰ ਸੱਭ ਕੁਝ ਪਤਾ ਸੀ। ਪਰ ਸੰਤ ਜੀ ਡਰਦਿਆਂ ਇਹ ਕਬੂਲ ਨਹੀਂ ਸੀ ਕਰ ਰਹੇ? ਨਹੀਂ ਇਹ ਗੱਲ ਨਹੀਂ। ਇਹ ਉਹਨਾਂ ਦੀ ਸਿਆਸੀ ਸੂਝ-ਬੂਝ ਸੀ ਅਤੇ ਦੁਸ਼ਮਣ ਨੂੰ ਉਸ ਦੇ ਬਣਾਏ ਜਾਲ ਵਿੱਚ ਫਸੌਣ ਦੀ ਮੁਹਾਰਤ ਸੀ। ਧਰਮੀ ਫੌਜੀਆਂ, ਜੋਧਪੁਰ ਦੇ ਬੰਦੀ ਸਿੰਘਾਂ ਸਿੱਖ ਸੰਘਰਸ਼ ਦੇ ਕਈ ਬਹੁਤ ਹੀ ਵੱਡੇ ਐਕਸ਼ਨਾਂ ਵਿੱਚ ਸਾਰੇ ਸਿੰਘਾਂ ਨੇ ਜਨਰਲ ਲਾਭ ਸਿੰਘ, ਭਾਈ ਦਲਜੀਤ ਸਿੰਘ ਬਿੱਟੂ, ਪ੍ਰੋ. ਦਵਿੰਦਰਪਾਲ ਸਿੰਘ ਭੁਲਰ, ਭਾਈ ਦਯਾ ਸਿੰਘ ਲਹੌਰੀਆ, ਭਾਈ ਹਰਪਾਲ ਸਿੰਘ ਚੀਮਾ, ਬੀਬੀ ਬਲਜੀਤ ਕੌਰ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਰਦਾਰ ਸਿਮਰਨਜੀਤ ਸਿੰਘ ਮਾਨ, ਅਤੇ ਸੈਂਕੜਾ ਨਹੀਂ ਹਜਾਰਾ ਸਿੰਘਾਂ ਨੇ ਅਦਾਲਤ ਵਿੱਚ ਮੁਕੱਦਮੇ ਲੜੇ ਹਨ, ‘ਤੇ ਅੱਜ ਵੀ ਲੜ ਰਹੇ ਹਨ। ਇਹ ਕੋਈ ਮਾੜੀ ਗੱਲ ਨਹੀਂ। ਅੱਜ ਵੀ ਨਾਭੇ ਜੇਲ ਵਿੱਚ ਭਾਈ ਬਲਬੀਰ ਸਿੰਘ ਬੀਰ੍ਹਾ, ਬਾਬਾ ਬਖਸ਼ੀਸ਼ ਸਿੰਘ, ਭਾਈ ਹਰਮਿੰਦਰ ਸਿੰਘ ਲੁਧਿਆਣਾ ਸਮੇਤ ਕਿਤਨੇ ਹੀ ਸਿੰਘਾਂ ਦੇ ਅਦਾਲਤ ਵਿੱਚ ਕੇਸ ਚਲ ਰਹੇ ਹਨ। ਕੀ ਇਹ ਸਭ ਆਪਣੇ ਜਾਨ ਦੀ ਭੀਖ ਮੰਗ ਰਹੇ ਹਨ?
ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮੋਹ ਦੀ ਮਾਰੀ ਹੋਈ ਮਾਤਾ ਜਿਸ ਦੇ ਪਤੀ ਨੂੰ ਪੁਲਸ ਨੇ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ, ਉਸ ਬਿਚਾਰੀ ਮਾਂ ਦੇ ਕਹਿਣ ‘ਤੇ ਜੇ ਪ੍ਰੋ. ਭੁੁੱਲਰ ਨੇ ਰਾਸ਼ਟਰਪਤੀ ਕੋਲ ਅਪੀਲ ਕਰ ਦਿੱਤੀ ਤਾ ਕਿਹੜਾ ਜੁਰਮ ਕਰ ਦਿੱਤਾ? ਭਾਈ ਬਲਵੰਤ ਸਿੰਘ ਜੀ ਭਾਵੇਂ ਅਸੀਂ ਵੀ ਰਹਿਮ ਦੀ ਅਪੀਲ ਦੇ ਹੱਕ ਵਿੱਚ ਨਹੀਂ ਪਰ ਪ੍ਰੋ: ਭੁੱਲਰ ਦੀ ਮਾਤਾ ਅਤੇ ਪਤਨੀ ਨੂੰ ਦੁੱਖ ਪਹੁਚਾਉਣ ਵਾਲੀ ਕੋਈ ਗੱਲ ਨਹੀਂ ਕੀਤੀ। ਤੁਹਾਡੇ ਵਲੋਂ ਹਉਮੈ ਗ੍ਰਸਤ ਹੋ ਕੇ ਪ੍ਰੋ: ਭੁੱਲਰ ਬਾਰੇ ਜੋ ਬਿਆਨਬਾਜੀ ਕੀਤੀ ਗਈ ਉਹ ਕੋਈ ਬਹੁਤੀ ਸਿਆਣਪ ਵਾਲੀ ਨਹੀਂ ਸੀ, ਉਸ ਨਾਲ ਮਾਤਾ ਜੀ ਨੂੰ ਦੁੱਖ ਹੀ ਪੁਜਿਆ ਹੈ। ਅੱਜ ਜੇ ਸੰਗਤਾਂ ਇਕੱਠੀਆਂ ਹੋ ਕੇ ਰੋਸ ਵਿਖਾਵੇ ਕਰ ਰਹੀਆਂ ਹਨ ਤਾਂ ਉਹ ਨਹੀਂ ਚਾਹੁੰਦੀਆਂ ਕਿ ਕਿਸੇ ਸਿੱਖ ਨੂੰ ਫਾਂਸੀ ‘ਤੇ ਚੜਾਇਆ ਜਾਵੇ।
ਮੈਂ ਹਮੇਸ਼ਾਂ ਏਕਤਾ ਦਾ ਮੁੱਦਈ ਰਿਹਾ ਹਾਂ ਅਤੇ ਹਮੇਸ਼ਾਂ ਹੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜੇਲ ਵਿੱਚ ਇੱਕ ਹੋ ਕੇ ਰਹੀਏ। ਪਰ ਕੀ ਤੁਹਾਡੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਨੇ ਏਕਤਾ ਦੇ ਰਾਹ ਵਿੱਚ ਰੋੜੇ ਨਹੀਂ ਪੈਦਾ ਕੀਤੇ? ਮੈਂ ਪੁੱਛਣਾ ਚਾਹੁੰਦਾ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਕਿਹੜੀ ਐਸੀ ਕਾਰਵਾਈ ਸੀ ਜਿਹੜੀ ਤੁਸੀਂ ਨਹੀਂ ਕੀਤੀ। ਕਈ ਵਾਰ ਕਿਸੇ ਦੀ ਦੁਨੀਆਵੀ ਜੀਵਨ ਜਾਚ ਨਹੀਂ ਮਿਲਦੀ। ਜਥੇਬੰਦੀਆਂ ਦੇ ਵਖਰੇਵੇਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀਆਂ ਗੁਰਮਤਿ ਵਿਰੋਧੀ ਕੋਝੀਆਂ ਕਾਰਵਾਈਆਂ ਤੁਸੀਂ ਕਰਦੇ ਰਹੇ ਹੋ ਜਿਸ ਦੇ ਗਵਾਹ ਬੁੜੈਲ ਜੇਲ੍ਹ ਦੇ ਕੈਦੀ ਅਤੇ ਸੰਤਰੀ ਵੀ ਹਨ, ਉਹ ਦੱਸਣ ਦੀ ਖੇਚਲ ਕਰੋਗੇ? ਮੈਂ ਕਿਸੇ ਵਾਦ-ਵਿਵਾਦ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਪਰ ਭਾਈ ਜਗਤਾਰ ਸਿੰਘ ਹਵਾਰੇ ਨੇ ਸਿਆਣਪ ਅਤੇ ਨਿਮਰਤਾ ਨਾਲ ਭਾਈ ਰੇਸ਼ਮ ਸਿੰਘ ਬੱਬਰ ‘ਤੇ ਤੁਹਾਡੇ ਵਲੋਂ ਲਾਏ ਝੂਠੇ ਇਲਜਾਮਾਂ ਬਾਰੇ ਜੇ ਸਪਸ਼ਟੀਕਰਨ ਦੇ ਦਿੱਤਾ ਤਾਂ ਉਸ ਖਿਲਾਫ ਨੀਵੇਂ ਦਰਜੇ ਉੱਤਰ ਆਉਣਾ ਕਿੱਥੋਂ ਦੀ ਸਿਆਣਪ ਹੈ?
ਭਾਈ ਬਲਵੰਤ ਸਿੰਘ ਜੀ ਬਹੁਤਾ ਅਫ਼ਾਰਾ ਚੰਗਾ ਨਹੀਂ ਹੁੰਦਾ। ਮੈਂ ਗੁਰਸਿੱਖ ਸੰਗਤਾਂ ਨੂੰ ਦਸਣਾ ਚਾਹਾਂਗਾ ਕਿ ਭਾਈ ਜਗਤਾਰ ਸਿੰਘ ਹਵਾਰਾ ਬਹੁਤ ਹੀ ਗੁਰਸਿੱਖ ਅਤੇ ਸਿੱਖੀ ਅਸੂਲਾਂ ‘ਤੇ ਚੱਲਣ ਵਾਲਾ ਸੂਰਮਾ ਹੈ। ਭਾਈ ਹਵਾਰਾ 16-17 ਸਾਲ ਦੀ ਉਮਰ ਤੋਂ ਸਿੱਖ ਸੰਘਰਸ਼ ਨਾਲ ਜੁੜਿਆ ਰਿਹਾ ਹੈ। ਆਪਣੇ ਜੇਲ੍ਹ ਜੀਵਨ ਦੌਰਾਨ ਉਸ ਨੇ ਕਦੇ ਵੀ ਗੁਰਮਤਿ ਵਿਰੋਧੀ ਕਾਰਵਾਈ ਨਹੀਂ ਕੀਤੀ। ਇਸ ਦੇ ਉਲਟ ਭਾਈ ਰਾਜੋਆਣਾ ਨੇ ਸਿੱਖੀ ਵਿਰੋਧੀ ਉਹ ਸਾਰੇ ਅਪਰਾਧ ਕੀਤੇ ਜਿਹੜੇ ਨਾਂ ਕਾਬਲੇ ਬਰਦਾਸ਼ਤ ਹਨ।
ਜਦੋਂ ਜਦੋਂ ਵੀ ਭਾਈ ਰਾਜੋਆਣੇ ਨੇ ਸਿੱਖੀ ਵਲ ਮੋੜਾ ਖਾਧਾ ਸੱਭ ਤੋਂ ਪਹਿਲਾਂ ਮੈਂਨੂੰ ਖੁਸ਼ੀ ਹੁੰਦੀ ਸੀ ਪਰ ਜਦੋਂ ਵੀ ਅਸੀਂ ਸਿੱਖੀ ਅਸੂਲਾਂ ‘ਤੇ ਚੱਲਣ ਦਾ ਵਾਅਦਾ ਕਰਨ ਵਾਲੇ ਬਲਵੰਤ ਸਿੰਘ ਦੇ ਨੇੜੇ ਹੋਏ ਤਾਂ ਸਾਨੂੰ ਨਿਰਾਸ਼ਾ ਹੀ ਹੱਥ ਲੱਗੀ। ਮੈਂ ਬਲਵੰਤ ਸਿੰਘ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਜਦੋਂ 1998 ਨੂੰ ਆਪਣੀ ਲੰਮੀ ਦਾਹੜੀ ਮੁੰਨ ਕੇ ‘ਤੇ ਜੜ੍ਹ ਤੋਂ ਕੱਟ ਕੇ ਗੁਰਦੁਆਰਾ ਬੈਰਕਸ ਵਿੱਚ ਸਾਡੇ ਕੋਲ ਭੇਜੀ ਸੀ। ਸੰਨ 1995 ਅਕਤੂਬਰ ਮਹੀਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੇਸ ਰੱਖਣ ਦੀ ਅਰਦਾਸ ਕਰਕੇ 15-20 ਦਿਨਾਂ ਬਾਦ ਸਫਾਚੱਟ ਮੂੰਹ ਕਰ ਲਿਆ ਸੀ। ਉਸ ਸਮੇਂ ਆਪਣੀ ਜਬਾਨ ‘ਤੇ ਕਾਇਮ ਰਹਿਣ ਦਾ ਮਰਦਊਪੁਣਾ ਕਿੱਥੇ ਗਿਆ ਸੀ? ਫਿਰ ਖਾਲਸਾ ਪੰਥ ਦੇ 300 ਸਾਲਾ ਪੁਰਬ 1999 ਨੂੰ ਸ੍ਰੀ ਕੇਸਗੜ੍ਹ ਸਾਹਿਬ ਤੋਂ ਬੁੜੈਲ ਜੇਲ੍ਹ ਵਿੱਚ ਅੰਮ੍ਰਿਤ ਸੰਚਾਰ ਲਈ ਆਏ ਪੰਜਾਂ ਸਿੰਘਾਂ ਮੂਹਰੇ ਸਾਬਤ ਸੂਰਤ ਹੋਣ ਦੀ ਅਰਦਾਸ ਕਰਕੇ ਕਿਸੇ ਦਿਨ ਮੁੱਛ ਦਾਹੜੀ ਮੁੰਨਵਾ ਕੇ, ਟਿੰਡ ਕੱਢਵਾ ਕੇ ਕਿਹੜੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ।
ਆਪਣੀ ਦਲੇਰੀ ਨੂੰ ਵਧਾ ਚੜ੍ਹਾ ਕੇ ਅਤੇ ਦੂਸਰਿਆਂ ਨੂੰ ਟਿੱਚ ਸਮਝਣਾ ਵੱਡੀ ਬੇਵਕੂਫੀ ਹੈ। ਜੇ ਤੈਨੂੰ ਸਾਡੇ ਸੁਰੰਗ ਪੁੱਟ ਕੇ ਫਰਾਰ ਹੋਣ ਦੀ ਕਨਸੋਅ ਲੱਗ ਜਾਂਦੀ ਤਾਂ ਕਦੋਂ ਦੀ ਮੁਖਬਰੀ ਕਰਕੇ ਤੁਸੀਂ ਸਾਡੇ ਕੰਮ ਨੂੰ ਨਹੀਂ ਸੀ ਹੋਣ ਦੇਣਾ। ਸਾਡੇ ਦੁਸ਼ਮਣਾਂ ਨੂੰ ਪਤਾ ਹੈ ਕਿ ਕੌਣ ਕਿਤਨਾ ਦਲੇਰ ਹੈ।
ਅਖੀਰ ਵਿੱਚ ਮੈਂ ਫਿਰ ਭਾਈ ਬਲਵੰਤ ਸਿੰਘ ਨੂੰ ਅਪੀਲ ਕਰਾਂਗਾ ਕਿ ਬੰਦਾ ਭੁਲਣਹਾਰ ਹੁੰਦਾ ਹੈ ਜੇ ਤੁਹਾਡੀਆਂ ਮਹਾਨ ਗਲਤੀਆਂ ਹੁੰਦਿਆਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ ਤਾਂ ਇਹ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਗੁਰੂ ਨਾਨਕ ਸਾਹਿਬ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਪਿਤਾ ਹਨ ਜਿਹੜੀ ਸਿੱਖ ਕੌਮ ਅਤੇ ਸ੍ਰੀ ਅਕਾਲ ਤਖ਼ਤ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਉਸ ਨੂੰ ਸੰਭਾਲ ਕੇ ਰੱਖਣਾ ਤੁਹਾਡੀ ਜਿੰਮੇਵਾਰੀ ਹੈ। ਕਿਤੇ ਅਸੀਂ ਪਹਿਲਾਂ ਵਾਂਗ ਹੀ ਨਰਾਜ਼ ਨਾ ਹੋ ਜਾਈਏ। ਲੋਕਾਂ ਨੇ ਫਿਰ ਗੱਲਾਂ ਕਰਨੀਆਂ ਹਨ ਕਿ ਭਾਂਡਾ ਛੋਟਾ ਸੀ, ਬਖਸ਼ਿਸ਼ ਜਿਆਦਾ ਪੈ ਗਈ, ਭਾਂਡਾ ਉਛਲ ਗਿਆ।
ਗੁਰੂ ਰੂਪ ਖਾਲਸਾ ਜੀ, ਕੈਟ ਉਸ ਨੂੰ ਕਹਿੰਦੇ ਜਿਹਨੇ ਸਿੰਘਾਂ ਨੂੰ ਗ੍ਰਿਫਤਾਰ ਕਰਾਇਆ ਹੋਵੇ ਜਾਂ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਹੋਵੇ। ਮੈਂ ਭਾਈ ਰਾਜੋਆਣਾ ਨੂੰ ਚੈਲਿੰਜ ਕਰਦਾ ਹਾਂ ਕਿ ਕੋਈ ਦਿਨ ਜਾਂ ਤਰੀਕ ਮਿਥ ਲਵੇ ਜੇ ਭਾਈ ਰੇਸ਼ਮ ਸਿੰਘ ਜਰਮਨੀ ਦੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਇੱਕ ਵੀ ਸਿੱਖ ਵਿਰੋਧੀ ਕਾਰਵਾਈ ਸਿੱਧ ਕਰ ਦਵੇ ਤਾਂ ਜੋ ਤਖਤ ਸਾਹਿਬ ਤੋਂ ਸਜਾ ਲੱਗੇਗੀ ਸਾਨੂੰ ਪ੍ਰਵਾਨ ਹੋਵੇਗੀ। ਕਿਸੇ ਵੀ ਤਰਾਂ ਦੇ ਗਿਲੇ ਸ਼ਿਕਵੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੀ ਨਿਬੇੜੇ ਜਾਣੇ ਚਾਹੀਦੇ ਹਨ।
ਭਾਈ ਹਵਾਰੇ ਨੂੰ ਟੋਭੇ ਦਾ ਗਵਾਹ ਡੱਡੂ ਕਹਿਣਾ ਬਿਲਕੁਲ ਗਲਤ ਹੈ। ਇਸ ਬਾਰੇ ਇਉਂ ਕਹਿਣਾ ਠੀਕ ਹੈ ਕਿ ਸਿੰਘ ਦਾ ਗਵਾਹ ਸਿੰਘ। ਮੈਂ ਸੰਗਤਾਂ ਨਾਲ ਵਾਅਦਾ ਕਰਦਾ ਹਾਂ ਕਿ ਜੇ ਭਾਈ ਹਵਾਰੇ ਖਿਲਾਫ ਸੁਪਰੀਮ ਕੋਰਟ ਕੋਈ ਵੱਡੀ ਸਜਾ ਸੁਣਾਉਂਦੀ ਹੈ ਤਾਂ ਉਸ ਤੋਂ ਬਾਦ ਉਹ ਰਹਿਮ ਦੀ ਅਪੀਲ ਨਹੀਂ ਕਰੇਗਾ। ਜੇ ਇਸ ਤਰ੍ਹਾਂ ਹੋ ਗਿਆ ਤਾਂ ਇਸ ਦਾ ਸਭ ਤੋਂ ਪਹਿਲਾਂ ਵਿਰੋਧ ਮੈਂ ਕਰਾਂਗਾ। ਇਹ ਬਿਆਨ ਮੈ ਭਾਈ ਰਾਜੋਆਣਾ ਵਲੋਂ ਭਾਈ ਹਵਾਰੇ ਦੇ ਖਿਲਾਫ ਦਿੱਤੇ ਬਿਆਨ ਦੇ ਪ੍ਰਤੀਕਰਨ ਵਜੋਂ ਦੇ ਰਿਹਾ ਹਾਂ। ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਹੈ ਕਿ ਇੱਕ ਦੂਜੇ ਖਿਲਾਫ ਬਿਆਨ ਲਾਉਣ ਤੋਂ ਰੋਕਣ ਲਈ ਕੋਈ ਸੰਦੇਸ਼ ਜਾਰੀ ਕਰਨ।
ਮੇਰੀਆਂ ਗੱਲਾਂ ਪੜ੍ਹ ਕੇ ਜੇ ਕਿਸੇ ਨੂੰ ਕੋਈ ਤਕਲੀਫ ਲੱਗੇ ਤਾਂ ਮੈਂ ਖਿਮਾ ਦਾ ਜਾਚਕ ਹਾਂ।