:datelocation:ਵਿਰਾਸਤ ਦੀ ਸਾਂਭ ਸੰਭਾਲ ਅਤੇ ਵਿਰਾਸਤੀ ਵਸਤਾਂ ਨੂੰ ਵੱਧ ਤੋਂ ਵੱਧ ਸ਼ਹਿਰੀਆਂ ਦੀ ਪਹੁੰਚ ਵਿੱਚ ਲਿਆਉਣ ਲਈ ਅਜਾਇਬਘਰਾਂ ਦੀ ਅਹਿਮੀਅਤ ਜੱਗ-ਜ਼ਾਹਿਰ ਹੈ। ਇਸੇ ਉਪਰਾਲੇ ਦੀ ਕੜੀ ਵਜੋਂ ‘ਗੁਰੂ ਗੋਬਿੰਦ ਸਿੰਘ ਮਿਉਜ਼ੀਅਮ ਆਫ਼ ਮਾਰਸ਼ਲ ਆਰਟਸ’ ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕੀਤੀ ਗਈ ਹੈ। ਹਰਿਆਣੇ ਦੇ ਅੰਬਾਲਾ ਜ਼ਿਲ੍ਹੇ ਵਿੱਚ ਜਗਾਧਰੀ ਲਾਗੇ ਕੋਪਾਲ ਮੋਚਨ ਵਿੱਚ ਇਹ ਅਜਾਇਬਘਰ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਫੌਰ ਮਿਉਜ਼ੀਅਮ ਜਗਾਧਰੀ, ਪੰਜਾਬ ਡਿਜੀਟਲ ਲਾਇਬਰੇਰੀ (ਪੀ ਡੀ ਐਲ) ਅਤੇ ਚੰਡੀਗੜ੍ਹ ਮਿਉਜ਼ੀਅਮ ਐਂਡ ਆਰਟ ਗੈਲਰੀ ਦੇ ਉਪਰਾਲਿਆਂ ਨਾਲ ਨਵਿਆਇਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਪੀ ਡੀ ਐਲ ਵਿੱਚ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਉਪਰੋਕਤ ਅਦਾਰਿਆਂ ਦੇ ਨੁਮਾਇੰਦਿਆਂ ਪਰਮਪਾਲ ਸਿੰਘ ਬੁਟਰ, ਦਵਿੰਦਰ ਪਾਲ ਸਿੰਘ ਅਤੇ ਪੀ.ਸੀ.ਸ਼ਰਮਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।
ਹੁਣ ਇਸ ਮਿਉਜ਼ੀਅਮ ਵਿੱਚ ਵਿਰਾਸਤੀ ਤਸਵੀਰਾਂ, ਪੇਂਟਿੰਗਜ਼, ਖਰੜਿਆਂ, ਗ੍ਰੰਥਾਂ, ਨਕਸ਼ਿਆਂ, ਅਖ਼ਬਾਰਾਂ, ਸਿੱਕਿਆਂ ਅਤੇ ਹੋਰ ਵਿਰਾਸਤੀ ਵਸਤਾਂ ਦੀ ਨੁਮਾਇਸ਼ ਲਗਾਈ ਜਾਵੇਗੀ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਕੋਪਾਲ ਮੋਚਨ ਵਿੱਚ ਲੱਗਣ ਵਾਲਾ ਤਿੰਨ ਰੋਜ਼ਾ ਸਾਲਾਨਾ ਮੇਲਾ ਸੱਤ ਨਬੰਬਰ ਤੋਂ ਸ਼ੁਰੂ ਹੋ ਰਿਹਾ ਹੈ ਜਿਸ ਦੌਰਾਨ ਤਕਰੀਬਨ 7-8 ਲੱਖ ਯਾਤਰੂ ਤੀਰਥ ਯਾਤਰਾ ਲਈ ਆਉਂਦੇ ਹਨ। ਯਾਤਰੂਆਂ ਤੱਕ ਇਸ ਅਜਾਇਬਘਰ ਦੀ ਜਾਣਕਾਰੀ ਪਹੁੰਚਦੀ ਕਰਨ ਦੇ ਇਰਾਦੇ ਨਾਲ ਸੱਦੀ ਪ੍ਰੈਸ ਕਾਨਫਰੰਸ ਵਿੱਚ ਪਰਮਪਾਲ ਸਿੰਘ ਨੇ ਦੱਸਿਆ ਕਿ ਆਵਾਮ ਨੂੰ ਵਿਰਾਸਤ ਨਾਲ ਜੋੜਣ ਲਈ ਅਜਾਇਬਘਰਾਂ ਦੀ ਬਹੁਤ ਅਹਿਮੀਅਤ ਹੈ। ਉਨ੍ਹਾਂ ਨੇ ਇਸੇ ਸੋਚ ਤਹਿਤ ਜਗਾਧਰੀ ਇਲਾਕੇ ਵਿੱਚ ਲਗਾਤਾਰ ਪਹਿਲਕਦੀਆਂ ਕੀਤੀਆਂ ਹਨ। ਉਨ੍ਹਾਂ ਨੇ ਜਗਾਧਰੀ ਦੇ ਕਾਲਜ ਵਿੱਚ ਅਜਾਇਬਘਰ ਬਣਾਇਆ ਅਤੇ ਉੱਤਰੀ ਭਾਰਤ ਵਿੱਚ ਮਿਉਜ਼ੀਅਮ ਸਿੱਖਿਆ ਨੂੰ ਹੁਲਾਰਾ ਦੇਣ ਲਈ ਮਿਉਜ਼ੀਅਮ ਐਜੂਕੇਸ਼ਨ ਦੇ ਕੋਰਸ ਸ਼ੁਰੂ ਕਰ ਰਹੇ ਹਨ। ਅਮਲੇ ਅਤੇ ਸਹੂਲਤਾਂ ਦੀ ਘਾਟ ਕਾਰਨ ਨਾਕਸ ਹੋਏ ‘ਗੁਰੂ ਗੋਬਿੰਦ ਸਿੰਘ ਮਿਉਜ਼ੀਅਮ ਆਫ਼ ਮਾਰਸ਼ਲ ਆਰਟਸ’ ਨੂੰ ਨਵਿਆਉਣ ਦਾ ਕੰਮ ਪਰਮਪਾਲ ਸਿੰਘ ਦੇ ਉਪਰਾਲਿਆਂ ਨਾਲ ਸ਼ੁਰੂ ਹੋਇਆ ਹੈ।
ਪੰਜਾਬ ਡਿਜ਼ੀਟਲ ਲਾਈਬਰੇਰੀ ਇਸ ਉਪਰਾਲੇ ਦੀ ਮੁੱਢ ਤੋਂ ਹੀ ਭਾਈਵਾਲ ਰਹੀ ਹੈ। ਸੰਨ 2003 ਤੋਂ ਖਰੜਿਆਂ, ਦੁਰਲੱਭ ਕਿਤਾਬਾਂ, ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਦਸਤਾਵੇਜ਼ਾਂ ਦੀ ਡਿਜੀਟਾਈਜ਼ੇਸ਼ਨ ਵਿੱਚ ਲੱਗਿਆ ਇਹ ਅਦਾਰਾ ਵਿਰਾਸਤੀ ਵਸਤਾਂ ਦੀ ਅਵਾਮ ਤੱਕ ਪਹੁੰਚ ਦਾ ਹਾਮੀ ਹੈ। ਹੁਣ ਤੱਕ ਪੀ ਡੀ ਐਲ ਨੇ 60 ਲੱਕ ਪੰਨੇ ਡਿਜੀਟਾਇਜ਼ ਕਰ ਕੇ ਬੇਸ਼ਕੀਮਤੀ ਵਿਰਾਸਤੀ ਖ਼ਜ਼ਾਨੇ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵਿੱਚੋਂ ਦੱਸ ਲੱਖ ਪੰਨੇ ਪੀ ਡੀ ਐਲ ਦੀ ਵੈੱਬਸਾਈਟ (http://PunjabDigitalLibrary.org) ਉੱਤੇ ਦੇਖੇ ਜਾ ਸਕਦੇ ਹਨ। ਪੀ ਡੀ ਐਲ ਨੇ ਆਪਣੇ ਖ਼ਜ਼ਾਨੇ ਵਿੱਚੋਂ ਨੁਮਾਇਸ਼ ਲਈ ‘ਗੁਰੂ ਗੋਬਿੰਦ ਸਿੰਘ ਮਿਉਜ਼ੀਅਮ ਆਫ਼ ਮਾਰਸ਼ਲ ਆਰਟਸ’ ਵਿਰਾਸਤੀ ਵਸਤਾਂ ਦਿੱਤੀਆਂ ਹਨ। ਇਨ੍ਹਾਂ ਵਿੱਚ 1750 ਤੋਂ 1850 ਦੇ ਖਰੜੇ ਜਿਨ੍ਹਾਂ ਵਿੱਚ ਪੰਜ ਗ੍ਰੰਥੀਆਂ, ਆਯੁਰਵੈਦਿਕ ਅਤੇ ਹਿਕਮਤ ਦੇ ਗ੍ਰੰਥ ਸ਼ਾਮਿਲ ਹਨ। ਇਸ ਤੋਂ ਇਲਾਵਾ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਸਿੱਕੇ, ਨਕਸ਼ੇ ਅਤੇ 1886 ਵਿੱਚ ਲਾਹੌਰ ਤੋਂ ਨਿਕਲੇ ਖ਼ਾਲਸਾ ਅਖ਼ਬਾਰ ਦਾ ਪਲੇਠਾ ਅੰਕ ਸ਼ਾਮਿਲ ਹੈ। ਪੀ ਡੀ ਐਲ ਦੇ ਕਾਰਜਕਾਰੀ ਨਿਰਦੇਸ਼ਕ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ‘ਗੁਰੂ ਗੋਬਿੰਦ ਸਿੰਘ ਮਿਉਜ਼ੀਅਮ ਆਫ਼ ਮਾਰਸ਼ਲ ਆਰਟਸ’ ਨਾਲ ਸਾਂਝੇ ਉਪਰਾਲੇ ਵਿੱਚ ਸ਼ਾਮਿਲ ਹੋ ਕੇ ਪੀ ਡੀ ਐਲ ਆਪਣੇ ਕੰਮ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ, “ਸਾਡਾ ਬੁਨਿਆਦੀ ਕੰਮ ਵਿਰਸੇ ਦੀ ਡਿਜ਼ੀਟਲ ਤਕਨਾਲੋਜੀ ਨਾਲ ਸਾਂਭ-ਸੰਭਾਲ ਹੈ ਅਤੇ ਅਗਲਾ ਕੰਮ ਵਿਰਾਸਤ ਦੀ ਲੋਕਾਂ ਤੱਕ ਪਹੁੰਚ ਨੂੰ ਸੁਖਾਲਾ ਕਰਨਾ ਅਤੇ ਚੇਤਨਾ ਦਾ ਪਸਾਰਾ ਕਰਨਾ ਹੈ। ਇਸ ਮਾਮਲੇ ਵਿੱਚ ਇਹ ਮਿਉਜ਼ੀਅਮ ਨਿੱਗਰ ਕਦਮ ਸਾਬਤ ਹੋਵੇਗਾ।” ਉਨ੍ਹਾਂ ਅੱਗੇ ਕਿਹਾ,
“ਅਜਾਇਬਘਰਾਂ ਵਿੱਚ ਲੋਕਾਂ ਨੂੰ ਇਹ ਜਾਗ ਲੱਗਣੀ ਚਾਹੀਦੀ ਹੈ ਕਿ ਉਹ ਵਿਰਾਸਤ ਪ੍ਰਤੀ ਜਾਗਰੂਕ ਹੋਣ ਅਤੇ ਜਗਿਆਸੂ ਮਨੁੱਖ ਵਜੋਂ ਵਿਰਾਸਤ ਦੀ ਸਾਂਭ-ਸੰਭਾਲ ਵਿੱਚ ਸ਼ਾਮਿਲ ਹੋਣ। ਜੇ ਅਜਾਇਬਘਰ ਵਿੱਚੋਂ ਦਰਸ਼ਕ ਅਜਿਹਾ ਜੋਸ਼ ਹਾਸਿਲ ਕਰ ਸਕਣਗੇ ਤਾਂ ਉਹ ਆਪਣੇ ਪੱਧਰ ਉੱਤੇ ਆਪਣੇ ਆਲੇ-ਦੁਆਲੇ ਖਿਲਰੀ ਵਿਰਾਸਤ ਦੀ ਸਾਂਭ-ਸੰਭਾਲ ਲਈ ਬਣਦੀ ਜ਼ਿੰਮੇਵਾਰੀ ਚੁੱਕ ਸਕਣਗੇ।”
ਕੋਪਾਲ ਮੋਚਨ ਦੇ ਮੇਲੇ ਦੌਰਾਨ ਸਮੁੱਚੇ ਪੰਜਾਬ ਦੇ ਵਿਰਸੇ, ਇਤਿਹਾਸ, ਸੱਭਿਆਚਾਰ ਅਤੇ ਸਮਾਜਿਕ ਪੱਖਾਂ ਨਾਲ ਜੁੜੇ ਪੱਖਾਂ ਬਾਬਤ ਵਰਕਸ਼ਾਪ ਅਤੇ ਸੈਮੀਨਾਰ ਕੀਤੇ ਜਾਣਗੇ। ਇਹ ਸਮਾਗਮ ਹਰਿਆਣਾ ਦੇ ਪੁਰਾਤੱਤਵ ਅਤੇ ਅਜਾਇਬਘਰ ਮਹਿਕਮੇ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਫੌਰ ਮਿਉਜ਼ੀਅਮ ਜਗਾਧਰੀ ਅਤੇ ਪੀ ਡੀ ਐਲ ਵੱਲੋਂ ਕੀਤਾ ਜਾਵੇਗਾ। ਸਮੁੱਚੇ ਮੁਲਕ ਵਿੱਚੋਂ 25 ਦੇ ਕਰੀਬ ਕਲਾਕਾਰ ਇਸ ਵਰਕਸਾਪ ਵਿੱਚ ਸਾਮਿਲ ਹੋਕੇ ਸਿੱਖ ਗੁਰੂਆਂ, ਸਿੱਖੀ, ਲੋਕਧਾਰਾ, ਸੱਭਿਆਚਾਰ ਅਤੇ ਵਿਰਾਸਤੀ ਇਮਾਰਤਸਾਜ਼ੀ ਨਾਲ ਜੁੜੀਆਂ ਕਲਾ ਕਿਰਤਾਂ ਬਣਾਉਣਗੇ।
ਇਸ ਸਮੁੱਚੀ ਸਰਗਰਮੀ ਦੀ ਵਿਉਂਤਬੰਦੀ ਮਿਉਜ਼ੀਅਮ ਦੇ ਮਾਹਰ ਡਾ. ਪੀ.ਸੀ.ਸ਼ਰਮਾ ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ। ਡਾ. ਸ਼ਰਮਾ ਸ਼੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਫੌਰ ਮਿਉਜ਼ੀਅਮ ਜਗਾਧਰੀ ਦੇ ਮੁੱਖ ਸਲਾਹਕਾਰ ਹਨ। ਸਾਰੀ ਨੁਮਾਇਸ਼ ਦੀ ਸਾਂਭ-ਸੰਭਾਲ ਦਾ ਕੰਮ ਨਾਮੀ ਕਲਾਕਾਰ ਡਾ. ਅਮਿਤਾ ਕਰ ਰਹੀ ਹੈ।
ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਕੀ ਮੰਤਵ ਹੈ?
ਪੰਜਾਬ ਡਿਜੀਟਲ ਲਾਇਬ੍ਰੇਰੀ (ਪੀ ਡੀ ਐਲ) ਦਾ ਮੁੱਖ ਮੰਤਵ ਹੈ, “ਪੰਜਾਬ ਦੇ ਸਮੂਹਿਕ ਵਿਰਸੇ ਨੂੰ ਲਿੱਪੀ, ਭਾਸ਼ਾ, ਧਰਮ ਅਤੇ ਕੌਮੀਅਤ ਦਾ ਵਿਤਕਰਾ ਕੀਤੇ ਬਿਨਾਂ ਲਭਣਾ, ਡਿਜੀਟਾਈਜ਼ ਕਰਨਾ, ਬਚਾਉਣਾ, ਸੰਗ੍ਰਿਹ ਕਰਨਾ ਤੇ ਲੋਕਾਂ ਤੱਕ ਇਸਦੀ ਪਹੁੰਚ ਬਣਾਉਣਾ” ।
ਪੀ ਡੀ ਐਲ ਹੇਠ ਲਿਖੇ ਉਦੇਸ਼ਾਂ ਪ੍ਰਤੀ ਸਮਰਪਿਤ ਹੈ:
• ਪੰਜਾਬ ਦੇ ਵਿਰਸੇ ਨੂੰ ਵਾਤਾਵਰਣ, ਅਣਗਹਿਲੀ ਤੇ ਵਿਨਾਸ਼ ਕਾਰਨ ਹੋ ਰਹੇ ਨੁਕਸਾਨ ਤੋਂ ਬਚਾਉਣਾ।
• ਵੱਡਮੁੱਲੇ ਖਜਾਨੇ ਦੀ ਸੰਭਾਲ ਕਰਕੇ ਵਰਤਮਾਨ ਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੀ ਜਾਣਕਾਰੀ ਦੇਣਾ ।
• ਵਿਸ਼ਵ ਭਰ ਦੇ ਲੋਕਾਂ ਦਾ ਮੁਫ਼ਤ ਇੰਟਰਨੈਟ ਸੁਵਿਧਾ ਰਾਹੀਂ ਇਸ ਨਾਲ ਸਬੰਧ ਜੋੜਨਾ ।