ਸ੍ਰੀ ਦਸਮੇਸ਼ ਜੀ ਨੇ ਅਕਾਲ ਪੁਰਖ ਜੀ ਨੂੰ ਅਨੇਕਾਂ ਖੰਡੇ-ਖੜਗੇਸ਼ੀ, ਤੇਜ ਪ੍ਰਤਾਪੀ ਤੇਜੱਸਵੀ ਨਾਵਾਂ ਨਾਲ ਸੰਕੇਤ ਕੀਤਾ ਹੈ। ਜੈਸਾ ਕਿ:-
ਅਸਿਧੁਜ ਜੀ, ਸ੍ਰੀ ਕਾਲ ਜੀ, ਖੜਗ ਕੇਤ ਜੀ, ਅਸਿਪਾਨ ਜੀ, ਖੜਗੇਸ਼ ਜੀ, ਮਹਾਂ ਕਾਲ ਜੀ, ਆਦਿਕ ਅਨੇਕਾਂ ਨਾਮ ਸ੍ਰੀ ਦਮਸੇਸ਼ ਮੁਖਵਾਕ ਬਾਣੀ ਵਚਿੱਤ੍ਰ ਨਾਟਕ ਵਿਖੇ ਆਉਂਦੇ ਹਨ ਅਤੇ ਕਿਤੇ ਵੀ ਦੇਵੀ ਦੇ ਅਰਥਾਂ ਵਿਚ ‘ਭਗਉਤੀ’ ਪਦ ਨੂੰ ਨਹੀਂ ਵਰਤਿਆ। ਸ੍ਰੀ ਅਕਾਲ ਪੁਰਖ ਜੀ ਖੜਗਕੇਤ ਪਾਸੋਂ, ਖੰਡੇ-ਖੜਗੇਸ਼ੀ ਨਾਮ ਦੀ ਦੀਖਿਆ ਲੈ ਕੇ ਜਦੋਂ ਦੁਰਗਾ ਨੇ ਹੱਥ ਵਿਚ ਭਗਉਤੀ (ਸ੍ਰੀ ਸਾਹਿਬ) ਫੜੀ ਤਾਂ ਸਰਬੱਤ੍ਰ ਦੈਂਤਾਂ ਰਾਖਸ਼ਾਂ ਦਾ ਦਾਹ(ਨਾਸ਼) ਹੋਇਆ। ਜੈਸਾ ਕਿ:
ਤੈ ਹੀ ਦੁਰਗਾ ਸਾਜਿ ਕੇ ਦੈਂਤਾਂ ਦਾ ਨਾਸੁ ਕਰਾਇਆ॥2॥ (ਚੰਡੀ ਦੀ ਵਾਰ, ਪਾ: 10)
ਰੂਪੀ ਸ੍ਰੀ ਗੁਰੂ ਦਸਮੇਸ਼ ਮੂਖਵਾਕ ਵਿਖੇ ਵਰਣਨ ਹੈ। ਅਕਾਲ ਪੁਰਖ ਜਿਸ ਨੂੰ ਬਲ ਬਖਸ਼ੇ ਤੇ ਆਪਣਾ ਤੇਜੱਸਵੀ ਬਲ ਪ੍ਰਦਾਨ ਕਰੇ, ਓਸੇ ਤੋਂ ਹੀ ਦੁਸ਼ਟਾਂ ਦੈਂਤਾਂ ਦੇ ਵਿਨਾਸ਼ ਕਰਨ ਦੀ ਸੇਵਾ ਲੈ ਸਕਦਾ ਹੈ। ਐਥੋਂ ਤਾਈਂ ਕਿ:-
ਨੀਕੀ ਕੀਰੀ ਮਹਿ ਕਲ ਰਾਖੈ॥
ਭਸਮ ਕਰੈ ਲਸਕਰ ਕੋਟਿ ਲਾਖੈ॥5॥ (17)
ਗਉੜੀ ਸੁਖਮਨੀ ਮ: 5, ਪੰਨਾ 285
ਗੁਰਵਾਕ ਦੇ ਭਾਵ ਅਨੁਸਾਰ ਕਲਾਧਾਰੀ ਅਕਾਲ ਪੁਰਖ ਜੇ ਨਿੱਕੀ ਜਿਹੀ ਕੀੜੀ ਨੂੰ ਬਲ ਪ੍ਰਦਾਨ ਕਰੇ ਤਾਂ ਉਸ ਕੀੜੀ ਵਿਚ ਕਲਾ-ਕ੍ਰਿਸ਼ਮੀ ਤੇਜੱਸਵੀ ਬਲ ਪਾ ਕੇ, ਉਸੇ ਕੀੜੀ ਪਾਸੋਂ ਲੱਖਾਂ ਕਰੋੜਾਂ ਦੂਤੀ ਲਸ਼ਕਰਾਂ ਨੂੰ ਫ਼ਨਾਹ ਤੇ ਭਸਮ ਕਰਾ ਸਕਦਾ ਹੈ।
ਦੁਰਗਾ ਨੂੰ ਮਹਿਜ਼ ਇਕ ਤ੍ਰੀਮਤ ਮਤ ਖਿਆਲ ਕਰੋ, ਦੇਵੀ ਮਤ ਖਿਆਲ ਕਰੋ, ਉਸ ਅੰਦਰ ਅਕਾਲ ਪੁਰਖ ਨੇ ਕਲਾ-ਕ੍ਰਿਸ਼ਮੀ ਤੇ ਆਕ੍ਰਖਣੀ ਬਲ ਪਾਇਆ ਤਾਂ ਅਨੇਕਾਂ ਸਮੂਹ ਦੈਂਤਾਂ ਦਾ ਨਾਸ਼ ਕਰਾਇਆ। ਇਸ ਕਲਾ-ਕ੍ਰਿਸ਼ਮੀ ਬਲ ਬਿਹੂਣ ਤੇ ਖੜਗ-ਪ੍ਰਤਾਪੀ-ਦੀਖਿਆ ਹੀਣ ਭਾਵੇਂ ਲੱਖ ਕੋਟਿ ਖੂਹਣੀਆਂ ਦੇ ਲਸ਼ਕਰਾਂ ਦੇ ਲਸ਼ਕਰ ਹੋਣ, ਉਹਨਾਂ ਤੋਂ ਕੁਝ ਵੀ ਨਹੀਂ ਸਰ ਸਕਦਾ। ਭਾਵੇਂ ਅਜਿਹੇ ਨਿਗੁਰੇ, ਗੁਰ-ਦੀਖਿਆ-ਹੀਣ ਲਸ਼ਕਰਾਂ ਦੇ ਸਮੱਗਰ ਨਿਪੁੰਸਕ ਅਖੌਤੀ ਜੋਧਿਆਂ ਦੇ ਹੱਥਾਂ ਵਿਚ ਤਲਵਾਰਾਂ ਕਿਉਂ ਨਾ ਫੜਾਈਆਂ ਜਾਣ। ਇਹੋ ਕਾਰਨ ਹੈ ਕਿ ਸ਼ਸਤਰ ਰੂਪੀ ਸ੍ਰੀ ਸਾਹਿਬ (ਭਗਉਤੀ) ਤੋਂ ਸ੍ਰੀ ਦਸਮੇਸ਼ ਜੀ ਦੇ ਸਾਜੇ ਨਿਵਾਜੇ ਖਾਲਸਾ ਜੀ ਹੀ ਵਰੋਸਾਏ ਗਏ ਅਤੇ ਹੁਣ ਵੀ ਵਰੋਸਾਏ ਜਾ ਰਹੇ ਹਨ, ਕਿਉਂਕਿ ਉਨ੍ਹਾਂ ਨੇ ਖੰਡੇ ਦਾ ਅਮ੍ਰਿੰਤ ਛਕਿਆ ਹੋਇਆ ਸੀ ਤੇ ਛਕਿਆ ਹੋਇਆ ਹੁੰਦਾ ਹੈ। ਬਿਨਾਂ ਤਿਸ ਖੰਡੇਧਾਰ ਪਾਹੁਲ ਛਕੇ ਦੇ ਖੰਡੇ ਖੜਗੇਸ਼ੀ ਗੁਰ-ਦੀਖਿਆ ਲਏ ਦੇ, ਇਹ ਸ੍ਰੀ ਸਾਹਿਬ ਰੂਪੀ ਤਲਵਾਰ ਯੁੱਧ ਵਿਖੇ ਕਿਸੇ ਦੇ ਕੰਮ ਨਹੀਂ ਆ ਸਕਦੀ। ਜਿਨ੍ਹਾਂ ਨੂੰ ਖੰਡੇ ਪ੍ਰਤਾਪੀ ਸ੍ਰੀ ਸਾਹਿਬ ਦਾ ਸਨਮਾਨ ਤੇ ਗੁਰਮਤਿ ਸਤਿਕਾਰ ਹੈ, ਉਨ੍ਹਾਂ ਦੇ ਹੱਥਾਂ ਵਿਚ ਆਇਆ ਹੀ ਸ੍ਰੀ ਸਾਹਿਬ ਸੱਚਾ ਸ਼ੋਭਨੀਕ ਖੰਡੇਧਾਰ ਵਾਹ ਦਾਹ ਦਾ ਕੰਮ ਲੈ ਸਕਦੀ ਹੈ। ਸ੍ਰੀ ਦਸਮੇਸ਼ ਜੀ ਨੇ ਇਸੇ ਕਰਕੇ ਹੀ ਇਹ ਸ੍ਰੀ ਮੁਖਵਾਕ ਉਚਾਰਨ ਕੀਤੇ ਹਨ:-
ਅਸਿ ਕ੍ਰਿਪਾਨ ਖੰਡੇ ਖੜਗ ਤੁਬਕ ਤਬਰ ਅਰ ਤੀਰ॥
ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ॥3॥
-ਸ਼ਸਤ੍ਰਨਾਮ ਮਾਲਾ, ਦਸਮ ਗ੍ਰੰਥ
ਸੋ ਸ੍ਰੀ ਦਸਮੇਸ਼ ਜੀ ਨੇ ਸਮੂਹ ਸ਼ਸਤਰਾਂ ਦਾ ਯਥਾ ਜੋਗ ਸਨਮਾਨ ਸਤਿਕਾਰ ਐਥੋਂ ਤਕ ਕੀਤਾ ਹੈ ਕਿ ਸ਼ਸਤਰਾਂ ਨੂੰ ਪੀਰ ਕਰਕੇ ਪੂਜਣ ਦੀ ਸਿੱਖਿਆ ਦਿੱਤੀ ਹੈ। ਪਰ ਇਸ ਦਾ ਅਰਥ ਇਹ ਹਰਗਿਜ਼ ਨਹੀਂ ਜੈਸੇ ਕਿ ਅੱਜ ਕੱਲ੍ਹ ਦੇ ਧੁਰ ਤੋਂ ਬਿਗੜੇ ਹੋਏ ਹਿੰਦੂ ਖ਼ਿਆਲਾਂ ਵਾਲੇ ਲਹੂ ਦਾ ਤਿਲਕ ਸ਼ਸਤਰਾਂ ਨੂੰ ਲਾ ਕੇ ਪੂਜਦੇ ਹਨ। ਇਹ ਉਨ੍ਹਾਂ ਦੀ ਨਿਰੀ ਮਨਮਤਿ ਹੈ।
ਪਰ ਇਸ ਵਿਚ ਰੰਚਕ ਸੰਦੇਹ ਨਹੀਂ ਕਿ ਤੇਜ ਪ੍ਰਤਾਪੀ ਸ਼ਸਤਰ ਸਨਮਾਨਕ ਖੜਗਧਾਰੀ ਸਿੰਘਾਂ ਦੇ ਹੱਥਾਂ ਵਿਚ ਆਈ ਤਲਵਾਰ ਹੀ ਸੱਚੀ ਭਗਉਤੀ (ਸ੍ਰੀ ਸਾਹਿਬ) ਦਾ ਕੰਮ ਦੇ ਸਕਦੀ ਹੈ। ਸ੍ਰੀ ਅਕਾਲ ਪੁਰਖ ਖੜਗਕੇਤ ਦੀ ਬਖ਼ਸ਼ੀ ਹੋਈ ਖੰਡਾ-ਖੜਗੇਸ਼ੀ-ਕਲਾ ਦਾ ਨਾਮ ਹੀ ਭਗਉਤੀ ਹੈ। ਭਗਉਤੀ ਦੇ ਅਰਥ ਦੇਵੀ ਦੇ ਕਰਨੇ ਨਿਰੇ ਮਨਮਤੀ ਅਗਿਆਨੀ ਪੁਰਸ਼ਾਂ ਦਾ ਕੰਮ ਹੈ। “ਲਈ ਭਗਉਤੀ ਦਰਗਸ਼ਾਹ” ਦੇ ਅਰਥ ਹਰਗਿਜ਼ ਇਹ ਨਹੀਂ ਹੋ ਸਕਦੇ ਕਿ ਦੁਰਗਾ ਰੂਪੀ ਦੇਵੀ ਨੇ ਹੱਥ ਵਿਚ ਦੇਵੀ ਫੜੀ। ਤਾਂ ਤੇ ਇਹ ਸਿੱਧ ਹੋਇਆ ਕਿ ਸ੍ਰੀ ਦਸਮੇਸ਼ ਜੀ ਨੇ ਕਿਤੇ ਵੀ ਭਗਉਤੀ ਦੇ ਅਰਥ ਦੇਵੀ ਦੇ ਨਹੀਂ ਕੀਤੇ। ਇਹ ਨਿਰੇ ਮਨਮਤੀ ਅਗਿਆਨੀਆਂ ਦੀ ਕਾਢ ਹੈ।
ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰੀ ਚਿਤ ਮੈਂ ਜੁੱਧ ਬਿਚਾਰੈ॥ (ਕ੍ਰਿਸ਼ਨਾ ਅਵਤਾਰ, 2492
ਵਾਲੇ ਕਲਾਧਾਰੀ ਖਾਲਸਾ ਜੀ ਦੇ ਹੱਥਾਂ ਵਿਚ ਹੀ ਇਹ ਭਗਉਤੀ ਸ੍ਰੀ ਸਾਹਿਬ ਹੋ ਕੇ ਸੋਂਹਦੀ ਹੈ। ਸਿਰਾਂ ਧੜਾਂ ਦੀ ਬਾਜ਼ੀ ਲਾਉਣ ਵਾਲੇ ਸ੍ਰੀ ਗੁਰੂ ਦਸਮੇਸ਼ ਜੀ ਦੇ ਖੰਡੇ ਦੇ ਅੰਮ੍ਰਿਤ-ਪਾਨੀ-ਸਿੰਘ ਹੀ ਭਗਉਤੀ ਪਦ ਦੇ ਇਨ੍ਹਾਂ ਕ੍ਰਿਸ਼ਮਕ ਅਰਥਾਂ ਨੂੰ ਜਾਣ ਸਕਦੇ ਹਨ। ਹੋਰਨਾਂ ਨੂੰ ਕੀ ਸੂਝ ਹੈ।
ਮੂੜ੍ਹ ਅਗਿਆਨੀ, ਜੋ ਗੁਰਮਤਿ ਬਾਣੀ ਦੇ ਤੱਤ ਅਰਥਾਂ ਤੋਂ ਅਗਿਆਤ ਹਨ, ਉਹ ਤਾਂ ਸ੍ਰੀ ਦਸਮੇਸ਼ ਜੀ ਦੇ ਇਸ ਮੁਖਵਾਕ “ਮਹਾਂ ਕਾਲ ਕਾਲਕਾ ਅਰਾਧੀ” ਦੇ ਅਰਥ ਵੀ ਇਸ ਪ੍ਰਕਾਰ ਅਰਥਾਉਂਦੇ ਹਨ ਕਿ ਸ੍ਰੀ ਦਮਸੇਸ਼ ਜੀ ਨੇ “ਮਹਾਂ ਕਾਲ” ਤੇ “ਕਾਲਕਾ ਦੇਵੀ” ਦਾ ਅਰਾਧਨ ਕੀਤਾ। ਹਾਲਾਕਿ ਤੱਤ ਗੁਰਮਤਿ ਅਰਥ ਇਹ ਹਨ ਕਿ ਸ੍ਰੀ ਦਸਮੇਸ਼ ਜੀ ਨੇ ਮਹਾਂ ਕਾਲ ਰੂਪੀ ਕਾਲਕਾ ਨੂੰ ਅਰਾਧਨ ਕੀਤਾ। ਮਹਾਂ ਕਾਲ (ਅਕਾਲ ਪੁਰਖ) ਹੀ ਸ੍ਰੀ ਦਸਮੇਸ਼ ਜੀ ਦੇ ਨਿਕਟ ਸਭ ਕੁਛ ਸੀ। ਕਾਲਕਾ ਭੀ ਮਹਾਂ ਕਾਲ (ਅਕਾਲ ਪੁਰਖ) ਸੀ। ਇਸੇ ਤਰ੍ਹਾਂ “ਮਹਾਂ ਕਾਲ ਰਖਵਾਰ ਹਮਾਰੋ” ਵਿਚ ਵੀ ਮਹਾਂ ਕਾਲ ਦਾ ਅਰਥ ਅਕਾਲ ਪੁਰਖ ਹੀ ਹੈ।
ਇਸੇ ਪ੍ਰਕਾਰ ਸ੍ਰੀ ਦਸਮੇਸ਼ ਜੀ ਦੇ ਅਰਥਾਂ ਵਿਚ ‘ਭਗਉਤੀ’ ਪਦ ਮਹਾਂ ਕਾਲ (ਅਕਾਲ ਪੁਰਖ) ਦੇ ਅਰਥਾਂ ਵਿਚ ਘਟਦਾ ਹੈ। ਜੇਕਰ ਇਨ੍ਹਾਂ ਮਹਾਂ ਅਗਿਆਨੀਆਂ ਦੇ ਅਰਥਾਂ ਅਨੁਸਾਰ ‘ਕਾਲਕਾ’ ਪਦ ਨੂੰ ‘ਮਹਾਂਕਾਲ’ ਪਦ ਤੋਂ ਵੱਖਰਾ ਅਰਥਾਇਆ ਜਾਵੇ ਅਤੇ ਇਉਂ ਅਰਥ ਕੀਤੇ ਜਾਣ ਕਿ ਮਹਾਂ ਕਾਲ ਤੇ ਕਾਲਕਾ ਦੋਹਾਂ ਦਾ ਸ੍ਰੀ ਗੁਰੂ ਦਸਮੇਸ਼ ਜੀ ਨੇ ਅਰਾਧਨ ਕੀਤਾ ਤਾਂ ਸ੍ਰੀ ਗੁਰੂ ਦਸਮੇਸ਼ ਜੀ ਦਾ ਨਾਲ ਲਗਦਾ ਹੀ ਅਗਲਾ ਸ੍ਰੀ ਮੁਖਵਾਕ ਪਦ ਪੰਗਤਾ ਇਨ੍ਹਾਂ ਮਹਾਂ ਅਗਿਆਨੀਆਂ ਦੇ ਮੂੰਹ ਉਂਤੇ ਬੜੀ ਕਸਵੀਂ ਚਪੇੜ ਲਾਉਂਦਾ ਹੈ। ਉਹ ਅਗਲਾ ਪੰਗਤਾ ਇਉਂ ਹੈ:-
ਦਵੈ ਤੇ ਏਕ ਰੂਪ ਹਵੈ ਗਯੋ॥3॥ (ਬਚਿਤ੍ਰ ਨਾਟਕ, ਅਧਿਆਇ 6)
ਭਾਵ-ਅਰਥ ਇਹ ਕਿ ਸ੍ਰੀ ਗੁਰੂ ਦਸਮੇਸ਼ ਜੀ ਉਚਾਰਦੇ ਹਨ ਕਿ ਅਸੀਂ ਅਕਾਲ ਪੁਰਖ ਦੀ ਐਸੀ ਅਰਾਧਨਾ ਕੀਤੀ ਕਿ ਮੈਂ ਤੇ ਅਕਾਲ ਪੁਰਖ ਦੋਇ ਰੂਪਾਂ ਤੋਂ ਇਕ ਰੂਪ ਵਿਚ ਹੋ ਗਏ। ਅਰਥਾਤ, ਅਸੀਂ ਅਕਾਲ ਪੁਰਖ ਦੇ ਰੂਪ ਵਿਚ ਹੀ ਸਮਾਅ ਕੇ ਇਕ ਰੂਪ ਹੀ ਹੋ ਗਏ। ਜੇਕਰ ਇਨ੍ਹਾਂ ਮਹਾਂ ਅਗਿਆਨੀਆਂ ਦੇ ਅਰਥ ਹੀ ਠੀਕ ਸਮਝੇ ਜਾਣ ਤਾਂ ਇਹ ਅਗਲਾ ਪੰਗਤਾ “ਦਵੈ ਤੇ ਏਕ ਰੂਪ” ਦੇ ਥਾਉਂ “ਤ੍ਰੈ ਤੇ ਏਕ ਰੂਪ ਹਵੈ ਗਇਓ” ਚਾਹੀਦਾ ਸੀ, ਕਿਉਂਕਿ ਅਗਿਆਨੀਆਂ ਦੇ ਭਾਵ ਅਨੁਸਾਰ ‘ਮਹਾਂ ਕਾਲ’ ਦੇ ਨਾਲ ‘ਕਾਲਕਾ’ ਵੀ ਅਰਾਧਨੀ ਸਿੱਧ ਹੁੰਦੀ ਹੈ। ‘ਮਹਾਕਾਲ’ ਤੇ ‘ਕਾਲਕਾ’ ਦੋ ਸਰੂਪ ਇਹ ਹੋਏ ਵੱਖ ਵੱਖ, ਤੀਜਾ ਸਰੂਪ ਅਰਾਧਨਹਾਰੇ ਦਾ ਹੋਇਆ। ਤਾਂ ਤੇ “ਤ੍ਰੈ ਤੇ ਏਕ ਰੂਪ ਹਵੈ ਗਇਓ” ਪੰਗਤਾ ਹੀ ਉਨ੍ਹਾਂ ਅਗਿਆਨੀਆਂ ਦੇ ਅਰਥਾ ਅਨੁਸਾਰ ਅਰੋਪਿਆ ਸਿੱਧ ਹੁੰਦਾ। ਪ੍ਰੰਤੂ ਉਥੇ ਸ੍ਰੀ ਮੁਖਵਾਕ ਅੰਦਰ ਸਪੱਸ਼ਟ ਤੌਰ ਤੇ “ਦਵੈ ਤੇ ਏਕ ਰੂਪ ਹਵੈ ਗਯੋ” ਹੀ ਸ਼ੁੱਧ ਪੰਗਤਾ ਹੈ। ਇਸੇ ਤਰ੍ਹਾਂ ਇਨ੍ਹਾਂ ਮਹਾਂ ਅਗਿਆਨੀਆਂ ਦੀ ਕੁਬੂਧਿ ਅਤੇ ਕੁਸਮਝ ਅਨੁਸਾਰ ਸ੍ਰੀ ਦਸਮੇਸ਼ ਜੀ ਦੀ ਉਚਾਰਨ ਕੀਤੀ ਵਾਰ ਵਿਚ ‘ਭਗਉਤੀ’ ਪਦ ਦੇ ਅਰਥਾਂ ਦਾ ਮੁਗ਼ਾਲਤਾ ਹੈ। ਸਾਰੀ ਗੁਰਬਾਣੀ ਤਾਂ ਇੱਕੋ ਆਕਲ ਪੁਰਖ ਦੀ ਉਪਾਸ਼ਨਾ ਹੀ ਦ੍ਰਿੜ੍ਹਾਉਂਦੀ ਹੈ। ਯਥਾ ਗੁਰਵਾਕ:-
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਦਾਤਾ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ
ਤਾ ਭਉ ਕੇਹਾ ਕਾੜਾ ਜੀਉ॥1॥ (4॥24॥31)
ਮਾਝ ਮ: 5, ਪੰਨਾ 103
ਭਾਵ ਅਕਾਲ ਪੁਰਖ (ਵਾਹਿਗੁਰੂ) ਹੀ ਸਾਡਾ ਪਿਤਾ ਮਾਤਾ ਹੈ। ਉਹ ਹੀ ਅਸਾਡਾ ਬੰਧਪ ਭਾਈ ਹੈ। ਅਕਾਲ ਪੁਰਖ ਹੀ ਸਾਡਾ ਸਭ ਥਾਈਂ ਰਾਖਾ ਹੈ। ਤਾਂ ਤੇ ਕਿਸੇ ਪ੍ਰਕਾਰ ਦਾ ਭੈ ਜਾਂ ਡਰ ਸਾਨੂੰ ਨਹੀਂ ਹੈ।
ਜੇ ਕੋਈ ਮਹਾਂ ਅਗਿਆਨੀ “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਦੇ ਅਰਥ ਇਉਂ ਅਰਥਾਵੇ ਕਿ ਅਕਾਲ ਪੁਰਖ ਸਾਡਾ ਪਿਤਾ ਹੈ ਤੇ ‘ਕਾਲਕਾ’ ਸਾਡੀ ਮਾਤਾ ਹੈ, ਇਹ ਉਸ ਦੀ ਬਿਲਕੁਲ ਮੂੜ੍ਹ ਮਤਿ ਹੋਵੇਗੀ ਇਸੇ ਪ੍ਰਕਾਰ ਹੀ ਅਜਿਹੇ ਮੂੜ੍ਹ ਅਗਿਆਨੀ “ਸ੍ਰੀ ਬਾਵਨ ਅਖਰੀ” ਬਾਣੀ ਦੇ ਆਦਿ ਅੰਤ ਵਿਚ ਆਏ ਇਸ ਸਲੋਕ ਦਾ ਵੀ ਕੋਝੀ ਮਨਮਤਿ ਭਰਿਆ ਅਰਥ ਕਰ ਲੈਂਦੇ ਹਨ। ਯਥਾ:-
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥
ਉਨ੍ਹਾਂ ਦੇ ਕੋਝੇ ਭਾਵ ਅੰਦਰ ਮਾਤਾ ਨੂੰ ਵੀ ਉਹ ਗੁਰਦੇਵ ਕਰਕੇ ਅਰਥਾਉਂਦੇ ਹਨ ਅਤੇ ਪਿਤਾ ਨੂੰ ਵੀ ਗੁਰਦੇਵ ਹੀ ਦਸਦੇ ਹਨ। ਹਲਾਂਕਿ ਗੁਰਮਤਿ ਦੇ ਤੱਤ ਭਾਵ ਅਨੁਸਾਰ ਅਸਲ ਅਰਥ ਇਹ ਹਨ ਕਿ ਗੁਰਦੇਵ (ਵਾਹਿਗੁਰੂ) ਹੀ ਸਾਡਾ ਮਾਤਾ ਤੇ ਪਿਤਾ ਹੈ। ਗੁਰਮਤਿ ਅਨੁਸਾਰ ਸਪੱਸ਼ਟ ਤੌਰ ਤੇ “ਸਭਿ ਨਾਦ ਬੇਦ ਗੁਰਬਾਣੀ॥ਮਨੁ ਰਾਤਾ ਸਾਰਿਗ-ਪਾਣੀ”* ਸੁਤੇ ਸਿੱਧ ਅਰਥਾਂ ਵਿਚ ਐਨ ਓਵੇਂ ਹੀ ਵਿੱਦਤਾਇਆ ਗਿਆ ਹੈ ਜਿਸ ਪ੍ਰਕਾਰ ਕਿ “ਸ੍ਰੀ ਜਪੁਜੀ ਸਾਹਿਬ” ਦੀ ਬਾਣੀ ਅੰਦਰ:-
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੂ ਪਾਰਬਤੀ ਮਾਈ॥
-ਜਪੁਜੀ, ਪਉੜੀ 5
ਸਪੱਸ਼ਟ ਅਰਥਾਂ ਵਿਚ ਇਹ ਭਾਵ ਰੱਖਦਾ ਹੈ ਕਿ ਗੁਰਮੁਖ (ਵਾਹਿਗੁਰੂ) ਹੀ ਸਾਡਾ ਨਾਦ ਹੈ, ਗੁਰਮੁਖ ਹੀ ਸਾਡਾ ਵੇਦ ਹੈ। ਗੁਰਮੁਖ (ਵਾਹਿਗੁਰੂ) ਹੀ ਸਾਰੇ ਸਮਾਅ ਰਿਹਾ ਹੈ। ਗੁਰਮੁਖ (ਵਾਹਿਗੁਰੂ) ਹੀ ਸਾਡਾ ਗੁਰਸਿੱਖਾਂ ਦਾ ਵਿਸ਼ਨੂੰ ਦੇਵਤਾ ਹੈ। ਵਾਹਿਗੁਰੂ ਹੀ ਸਾਡਾ ਗੁਰਸਿੱਖਾਂ ਦੇ ਨਜ਼ਦੀਕ ਈਸ਼ਰ ਹੈ, ਬਰਮਾ ਹੈ। ਗੁਰੂ (ਵਾਹਿਗੁਰੂ) ਹੀ ਗੁਰਸਿੱਖਾਂ ਦੇ ਭਾ ਦੀ ਮਾਤਾ ਲੱਛਮੀ ਹੈ। ਭਾਵ ਵਾਹਿਗੁਰੂ ਤੋਂ ਬਿਨਾਂ ਗੁਰਸਿੱਖਾਂ ਦੇ ਨਜ਼ਦੀਕ ਕੋਈ ਹੋਰ ਮਾਤਾ ਨਹੀਂ ਅਤੇ ਹੋਰ ਕੋਈ ਗੋਰਖ ਨਹੀਂ, ਬਰਮਾ ਨਹੀਂ, ਨਾ ਹੀ ਕੋਈ ਈਸ਼ਰ ਹੈ। ਗੁਰਸਿੱਖਾਂ ਤਾਂ ਕੇਵਲ ਵਾਹਿਗੁਰੂ ਦੇ ਹੀ ਅਨਿੰਨ ਉਪਾਸ਼ਕ ਹਨ। ਜੇ ਕੋਈ ਮੂੜ੍ਹ ਅਗਿਆਨੀ ਇਸ ਗੁਰਵਾਕ ਵਿਚੋਂ ਇਹ ਕੋਝੇ ਅਰਥ ਕੱਢ ਲਵੇ ਕਿ ਪਾਰਬਤੀ (ਲੱਛਮੀ) ਸਾਡੀ ਮਾਤਾ ਹੈ ਤੇ ਇਸ ਮਾਤਾ ਦੀ ਉਪਾਸ਼ਨਾ ਦਾ ਵਿਧਾਨ ਗੁਰਮਤਿ ਅੰਦਰ ਦਰਸਾਇਆ ਗਿਆ ਹੈ ਤਾਂ ਐਸੀ ਵਿਚਾਰ ਵਿਚਾਰਨੀ ਉਸ ਮੂਰਖ ਮੂੜ੍ਹ ਅਗਿਆਨੀ ਦੀ ਮਹਾਂ ਦੁਰਮਤਿ ਅਗਿਆਨ ਭਰੀ ਵਿਚਾਰ ਸਿੱਧ ਹੋਵੇਗੀ।
ਤ੍ਰੈ ਗੁਣੀ ਮਾਇਆ ਦਾ ਸੰਕੇਤਕ ਨਾਮ ਗੁਰਮਤਿ ਅਨੁਸਾਰ “ਸਕਤਿ” ਹੈ। ਇਸ ਦੇ ਮੁਕਾਬਲੇ ਵਿਚ ਤੁਰੀਆ ਗੁਣੀ ਅਕਾਲ ਪੁਰਖ ਦੀ ਜੋਤਿ ਪ੍ਰਚੰਡ ਚੇਤੰਨ ਕਲਾ ਦਾ ਸੰਕੇਤਕ ਨਾਮ ‘ਸ਼ਿਵ’ ਹੈ। ਸ੍ਰੀ ਦਸਮੇਸ਼ ਜੀ ਨੇ ਜਿੱਥੇ ਸ੍ਰੀ ਮੁਖਵਾਕ ਸਵੱਈਆਂ ਵਿਚ “ਦੇਹ ਸ਼ਿਵਾ ਬਰ ਮੋਹਿ ਇਹੈ” ਅੰਕਤ ਕੀਤਾ ਹੈ, ਇਸ ਪੰਗਤੀ ਵਿਚ ਆਏ ‘ਸ਼ਿਵਾ’ ਪਦ ਤੋਂ ਭਾਵ ਅਕਾਲ ਪੁਰਖ ਦੀ ਜੋਤਿ ਪ੍ਰਚੰਡਨੀ ਚੇਤੰਨ ਕਲਾ ਤੋਂ ਹੈ। ਸ੍ਰੀ ਗੁਰੂ ਦਸਮੇਸ਼ ਜੀ ਮਹਾਰਾਜ ਫ਼ੁਰਮਾਉਂਦੇ ਹਨ:- “ਹੇ ਜੋਤਿ ਪ੍ਰਚੰਡ ਕਲਾ ਵਾਲੇ ਚੈਤੰਨ ਕਲਾ ਸੰਪੰਨ ਵਾਹਿਗੁਰੂ, ਮੈਨੂੰ ਇਹ ਬਰ ਦੇਹ! ਇਸ ‘ਸ਼ਿਵਾ’ ਪਦ ਤੋਂ ਮੂੜ੍ਹ-ਮਤੀਏ ਅਗਿਆਨੀ ਪੁਰਸ਼ ਮਹਾਂਦੇਵ ਦਾ ਅਰਥ ਲਾਉਂਦੇ ਹਨ। ਜੈਸਾ ਕਿ ਰਹਿਰਾਸ ਸਾਹਿਬ ਦੀ ਚੌਪਈ ਅੰਦਰ ਸ੍ਰੀ ਦਸਮੇਸ਼ ਮੁਖਵਾਕ ਆਉਂਦਾ ਹੈ:-
ਮਹਾਂ ਦੇਵ ਕੋ ਕਹਿਤ ਸਦਾ ਸਿਵ॥16॥
ਕਬਿਯੋ ਬਾਚ ਬੇਨਤੀ ਚੌਪਈ
ਇਹ ਪਦ ਭਾਵ-ਖੰਡਨੀ ਆਉਂਦਾ ਹੈ। ਪ੍ਰੰਤੂ ਸ੍ਰੀ ਦਸਮੇਸ਼ ਸਾਹਿਬ ਜੀ ਦਾ ਇਹ ਭਾਵ ਹਰਗਿਜ਼ ਨਹੀਂ। ਮਹਾਂਦੇਵ ਦੇ ਅਰਥਾਂ ਵਾਲੇ ‘ਸ਼ਿਵ’ ਪ੍ਰਥਾਇ ਤਾਂ ਇਸੇ ਚੌਪਈ ਅੰਦਰ ਇਉਂ ਅੰਕਤ ਕੀਤਾ ਸ੍ਰੀ ਦਸਮੇਸ਼ ਵਾਕ ਆਉਂਦਾ ਹੈ:-
ਕਾਲ ਪਾਇ ਸ਼ਿਵਜੂ ਅਵਤਰਾ॥7॥
-ਕਬਿਯੋ ਬਾਚ ਬੇਨਤੀ ਚੌਪਈ
ਵਿਸ਼ਨੂੰ, ਬ੍ਰਹਮਾ, ਮਹੇਸ਼ ਸਭ ਕਾਲ ਦੇ ਚੱਕਰ ਅੰਦਰ ਸੱਚੇ ਪਾਤਸ਼ਾਹ ਨੇ ਦਸੇ ਹਨ। ਪ੍ਰੰਤੂ “ਦੇਹ ਸ਼ਿਵਾ ਬਰ ਮੋਹਿ ਇਹੈ” ਵਾਲੀ ਪੰਗਤੀ ਅੰਦਰ ਸ੍ਰੀ ਗੁਰੂ ਸਾਹਿਬ ਜੀ ਦਾ ਭਾਵ ‘ਸ਼ਿਵਾ’ ਪਦ ਤੋਂ ਚੈਤੰਨ ਸਰੂਪ ਜੋਤਿ ਪ੍ਰਚੰਡ ਅਕਾਲ ਪੁਰਖ ਵਾਹਿਗੁਰੂ ਤੋਂ ਹੈ। ‘ਸ਼ਿਵਾ’ ਪਦ ਅੱਗੇ ਜੋ ਕੰਨਾ ਹੈ, ਉਹ ‘ਹੇ’ ਵਾਲਾ ਅਰਥ ਦਰਸਾਉਂਦਾ ਹੈ। ‘ਸ਼ਿਵਾ’ ਪਦ ਤੋਂ ਭਾਵ ‘ਹੇ ਵਾਹਿਗੁਰੂ’ ਹੈ। ਕਈ ਮੂੜ੍ਹ-ਮੱਤੀਏ ਅਗਿਆਨੀ ਇਸ ‘ਸ਼ਿਵਾ’ ਪਦ ਦਾ ਭੀ ਦੇਵੀ ਦਾ ਅਰਥ ਸਮਝਦੇ ਹਨ ਕਿ ਸ੍ਰੀ ਦਸਮੇਸ਼ ਜੀ ਨੇ ਇੱਥੇ ਵੀ ਦੇਵੀ ਧਿਆਈ ਹੈ, ਦੇਵੀ ਤੋਂ ਵਰ ਮੰਗਿਆ ਹੈ। ਇਸ ਦੀ ਪ੍ਰੋੜ੍ਹਤਾ ਵਿਚ ਇਸੇ ਸਵੱਈਏ ਦੀ ਚੌਥੀ ਸਤਰ ਵਿਚ ਆਈ ਇਸ ਪੰਗਤੀ ਦੀ ਓਟ ਲੈਂਦੇ ਹਨ “ਸੰਤ ਸਹਾਇ ਸਦਾ ਜਗ ਮਾਇ……” ਭਾਵ ‘ਜਗ ਮਾਇ’ ਪਦ ਤੋਂ ਜਗਤ ਮਾਤਾ ਦੇਵੀ ਦਾ ਹੀ ਕੱਢਦੇ ਹਨ। ਹਾਲਾਂਕਿ ਸ੍ਰੀ ਦਸਮੇਸ਼ ਜੀ ਦਾ ਇਹ ਹਰਗਿਜ਼ ਭਾਵ ਨਹੀਂ। “ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ” ਵਾਲੀ ਪੰਗਤੀ ਵਿਚ ਆਏ “ਤੂੰ ਹੈ ਮੇਰਾ ਮਾਤਾ” ਵਾਲੇ ਪਦ ਵਾਲਾ ਭਾਵ ਹੀ ‘ਜਗ ਮਾਇ’ ਪਦ ਤੋਂ ਹੈ। ਭਾਵ, ਵਾਹਿਗੁਰੂ ਹੀ ਮੇਰਾ ਪਿਤਾ ਹੈ, ਵਾਹਿਗੁਰੂ ਹੀ ਮੇਰਾ ਮਾਤਾ ਹੈ। ਮੂੜ੍ਹ ਮਤੀਆਂ ਦਾ ਨਿਰਾ ਮੁਗ਼ਾਲਤਾ ਹੈ ਕਿ ਉਹ ‘ਜਗ ਮਾਇ’ ਅਤੇ ‘ਸ਼ਿਵਾ’ ਪਦਾਂ ਤੋਂ ਦੇਵੀ ਦਾ ਅਰਥ ਲੈਣ। ਗੁਰਮਤਿ ਕੋਸ਼ਾਂ ਅੰਦਰ ਭੀ ਸ਼ਿਵਾ ਦੇ ਅਰਥਾਂ ਵਿਚੋਂ ਇਕ ਅਰਥ ‘ਸ਼ਿਵ’ ਪਦ ਦਾ ਕਲਿਆਣ ਸਰੂਪ ਪਰਮਾਤਮਾ ਹੈ।
ਸ੍ਰੀ ਗੁਰੂ ਦਸਮੇਸ਼ ਜੀ ਨੇ ਅਕਾਲ ਪੁਰਖ ਪ੍ਰਥਾਇ ਉਚਰੇ ਪਦਾਂ ਦੀ ਬੜੀ ਹੀ ਬਚਿੱਤਰ ਸੰਕੇਤਕ ਲੀਲ੍ਹਾ ਉਚਾਰਨ ਕੀਤੀ ਹੈ। ਜਿੱਥੇ ਸ੍ਰੀ ਗੁਰੂ ਦਮਸੇਸ਼ ਨੇ ਆਪਣੇ ਇਕ ਹੋਰ ਸ੍ਰੀ ਮੁਖਵਾਕ ਸਵੱਈਏ ਅੰਦਰ ਇਸ ਪ੍ਰਕਾਰ ਉਚਾਰਨ ਕੀਤਾ ਹੈ-‘ਹੇ ਰਵਿ ਹੇ ਸਸਿ ਹੇ ਕਰੁਣਾ ਨਿਧਿ’ , ਉਥੇ ਭੀ ਸ੍ਰੀ ਗੁਰੂ ਦਸਮੇਸ਼ ਜੀ ਨੇ ‘ਰਵਿ’ ਅਤੇ ‘ਸਸਿ’ ਪਦਾਂ ਤੋਂ ਭਾਵ ਕਰੁਣਾ-ਨਿਧੀ ਅਕਾਲ ਪੁਰਖ ਦਾ ਹੀ ਲਿਆ ਹੈ। ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ਅੰਦਰ ਵੀ ਜਿਥੇ, “ਨਮੋ ਸੂਰਜ ਸੂਰਜੇ॥ਨਮੋ ਚੰਦ੍ਰ ਚੰਦ੍ਰੇ” ਤੁਕਾਂ ਆਉਂਦੀਆਂ ਹਨ, ਤਿਨ੍ਹਾਂ ਤੁਕਾਂ ਦਾ ਭਾਵ ਭੀ ਸਪੱਸ਼ਟ ਅਕਾਲ ਪੁਰਖ ਤੋਂ ਲਿਆ ਗਿਆ ਹੈ। ਹੇ ਸੂਰਜਾਂ ਦੇ ਸੂਰਜ ਸੱਚੇ ਸੂਰਜ ਸ੍ਰੀ ਅਕਾਲ ਪੁਰਖ ਜੀ, ਤੇ ਚੰਦ੍ਰਮਾਵਾਂ ਤੋਂ ਸੱਚੇ ਸੁੱਚੇ ਚੰਦ੍ਰਮਾ ਵਾਹਿਗੁਰੂ ਅਕਾਲ ਪੁਰਖ ਜੀ, ਤੈਨੂੰ ਸਾਡੀ ਨਮਸਕਾਰ ਹੈ, ਸੋਈ ਭਾਵ ‘ਹੇ ਰਵਿ ਹੇ ਸਸਿ’ ਵਾਲੇ ਪਦਾਂ ਤੋਂ ਵੀ ਨਿਕਲਦਾ ਹੈ-ਹੇ ਅਕਾਲ ਪੁਰਖ ਰੂਪੀ ਸੱਚੇ ਸੂਰਜ (ਰਵਿ), ਹੇ ਅਕਾਲ ਪੁਰਖ ਰੂਪੀ ਸੱਚੇ ਚੰਦਰਮਾ (ਸਸਿ)। ਇਹੋ ਕਹਿ ਕੇ (ਸੰਕੇਤ ਕੇ) ਸ੍ਰੀ ਦਸਮੇਸ਼ ਸੱਚੇ ਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਅੱਗੇ ਹੀ ਬੇਨਤੀ ਉਚਾਰਨ ਕੀਤੀ ਹੈ, ਹੋਰ ਕੋਈ ਸੂਰਜ ਚੰਦ ਅਗੇ ਬੇਨਤੀ ਨਹੀਂ ਕੀਤੀ। ਅਕਾਲ ਪੁਰਖ ਪ੍ਰਥਾਇ ਉਚਰੇ ਸ੍ਰੀ ਗੁਰੂ ਦਸਮੇਸ਼ ਮੁਖਵਾਕ ਸੰਕੇਤਕ ਪਦਾਂ ਦੀ ਬੜੀ ਹੀ ਬਚਿਤ੍ਰ ਲੀਲ੍ਹਾ ਹੈ।
ਇਸੇ ਪ੍ਰਕਾਰ ਹੀ ‘ਭਗਉਤੀ’ ਪਦ ਰੂਪੀ ਸੰਕੇਤਕ ਪਦ ਅਰਦਾਸੇ ਅੰਦਰ ਸ੍ਰੀ ਗੁਰੂ ਦਸਮੇਸ਼ ਸਾਹਿਬ ਜੀ ਨੇ ਵਾਹਿਗੁਰੂ ਦੀ ਜੋਤਿ ਪ੍ਰਚੰਡਕ ਅਕਲ ਕਲਾ ਪ੍ਰਥਾਇ ਹੀ ਉਚਾਰਨ ਕੀਤਾ ਹੈ, ਦੇਵੀ ਦਾ ਭਾਵ ਹਰਗਿਜ਼ ਨਹੀਂ। ਦੇਵੀ ਵਾਲਾ ਭਾਵ ਅਗਿਆਨੀ ਮੂੜ੍ਹ-ਮਤੀਆਂ ਦੀ ਹੀ ਕਾਢ ਹੈ। ਅਕਾਲ ਪੁਰਖ ਦੀ ਖੜਗ-ਕੇਤ, ਜੋਤਿ-ਪ੍ਰਚੰਡਨੀ-ਅਕਲ-ਕਲਾ ਦਾ ਨਾਉਂ ਹੀ ‘ਭਗਉਤੀ’ ਸੰਕੇਤਿਆ ਗਿਆ ਹੈ।
– ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ